ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ—ਗੁਆਂਢੀ ਦੇਸ਼ਾਂ ਨੂੰ ਅਮਰੀਕੀ ਫ਼ੌਜਾਂ ਵੱਲੋਂ ਈਰਾਨ ਖ਼ਿਲਾਫ਼ ਕਾਰਵਾਈ ਲਈ ਆਪਣੇ ਇਲਾਕੇ ਅਤੇ ਫ਼ੌਜੀ ਟਿਕਾਣੇ ਵਰਤਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ
ਤਹਿਰਾਨ — ਆਪਣਾ ਪੰਜਾਬ ਮੀਡੀਆ ਈਰਾਨ ਨੇ ਖਾੜੀ ਖੇਤਰ ਦੇ ਗੁਆਂਢੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਧਰਤੀ ਅਤੇ ਫ਼ੌਜੀ ਸਹੂਲਤਾਂ ਦੀ ਵਰਤੋਂ ਅਮਰੀਕਾ ਵੱਲੋਂ ਈਰਾਨ ਖ਼ਿਲਾਫ਼ ਫ਼ੌਜੀ ਹਮਲੇ ਕਰਨ ਲਈ ਨਾ ਹੋਣ ਦੇਣ। ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਕਿਹਾ ਕਿ ਖੇਤਰ ਵਿੱਚ ਭਰੋਸਾ ਬਹਾਲ ਕਰਨ ਲਈ ਦੋਵਾਂ ਪਾਸਿਆਂ ਵੱਲੋਂ ਸਾਂਝੇ ਯਤਨ ਅਤੇ ਕਾਰਵਾਈ ਦੀ ਲੋੜ ਹੈ। ਉਨ੍ਹਾਂ ਇਹ ਬਿਆਨ ਤਹਿਰਾਨ ਅਤੇ ਖਾੜੀ ਦੇਸ਼ਾਂ ਵਿਚਾਲੇ ਵਧ ਰਹੇ ਤਣਾਅ ਦੇ ਸੰਦਰਭ ਵਿੱਚ ਦਿੱਤਾ।
ਬਘਾਈ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਦੇ ਇੱਕ ਸਲਾਹਕਾਰ ਵੱਲੋਂ ਈਰਾਨ ਅਤੇ ਖਾੜੀ ਦੇਸ਼ਾਂ ਵਿਚਾਲੇ ਭਰੋਸਾ ਖ਼ਤਮ ਹੋਣ ਸਬੰਧੀ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਤਹਿਰਾਨ ਨੇ ਭਰੋਸਾ ਤੋੜਨ ਦੀ ਕੋਈ ਨੀਤੀ ਨਹੀਂ ਅਪਣਾਈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਅੱਠ ਮਹੀਨਿਆਂ ਦੌਰਾਨ ਖੇਤਰ ਵਿੱਚ ਪੈਦਾ ਹੋਏ ਤਣਾਅ ਦਾ ਇੱਕ ਵੱਡਾ ਕਾਰਨ ਕੁਝ ਗੁਆਂਢੀ ਦੇਸ਼ਾਂ ਵੱਲੋਂ ਆਪਣੀ ਧਰਤੀ ’ਤੇ ਅਮਰੀਕੀ ਫ਼ੌਜੀ ਮੌਜੂਦਗੀ ਨੂੰ ਹਮਲਿਆਂ ਲਈ ਵਰਤਣ ਦੀ ਇਜਾਜ਼ਤ ਦੇਣਾ ਹੈ।
ਈਰਾਨੀ ਬੁਲਾਰੇ ਨੇ ਕਿਹਾ ਕਿ ਜੇਕਰ ਕਿਸੇ ਦੇਸ਼ ਦੀ ਧਰਤੀ ਦੀ ਵਰਤੋਂ ਈਰਾਨ ਦੀ ਪ੍ਰਭੂਸੱਤਾ ਅਤੇ ਉਸ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ ਤਾਂ ਤਹਿਰਾਨ ਚੁੱਪ ਨਹੀਂ ਰਹਿ ਸਕਦਾ। ਉਨ੍ਹਾਂ ਮੁਤਾਬਕ ਈਰਾਨ ਨੂੰ ਆਪਣੀ ਕੌਮੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਦਾ ਅਧਿਕਾਰ ਹੈ। ਉਨ੍ਹਾਂ ਖਾੜੀ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਹੂਲਤਾਂ ਨੂੰ ਕਿਸੇ ਵੀ ਧਿਰ ਵੱਲੋਂ ਗੁਆਂਢੀ ਦੇਸ਼ ’ਤੇ ਹਮਲੇ ਲਈ ਵਰਤੇ ਜਾਣ ਤੋਂ ਰੋਕਣ।


