IRCC ਨੇ ਕਿਹਾ—ਗਾਰੰਟੀਸ਼ੁਦਾ ਵੀਜ਼ਾ, ਤੇਜ਼ ਪ੍ਰੋਸੈਸਿੰਗ ਜਾਂ ਪੱਕੀ ਨੌਕਰੀ ਦੇ ਦਾਅਵੇ ਵੱਡਾ ਰੈੱਡ ਫਲੈਗ
ਓਟਾਵਾ : ਆਪਣਾ ਪੰਜਾਬ ਮੀਡੀਆ : ਕੈਨੇਡਾ ਵਿੱਚ ਨੌਕਰੀ, ਸਟੱਡੀ ਜਾਂ ਪੱਕੀ ਰਿਹਾਇਸ਼ (PR) ਹਾਸਲ ਕਰਨ ਦੇ ਚਾਹਵਾਨ ਲੋਕਾਂ ਨੂੰ ਇਮੀਗ੍ਰੇਸ਼ਨ ਠੱਗੀਆਂ ਤੋਂ ਸਾਵਧਾਨ ਕਰਦਿਆਂ Immigration, Refugees and Citizenship Canada (IRCC) ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਵਿਅਕਤੀ ਜਾਂ ਏਜੰਟ ਕੈਨੇਡਾ ਦੀ ਨੌਕਰੀ, ਵੀਜ਼ਾ ਜਾਂ PR ਦੀ ਗਾਰੰਟੀ ਨਹੀਂ ਦੇ ਸਕਦਾ। ਵੀਜ਼ਾ ਜਾਰੀ ਕਰਨ ਦਾ ਫ਼ੈਸਲਾ ਸਿਰਫ਼ ਅਧਿਕਾਰਤ ਇਮੀਗ੍ਰੇਸ਼ਨ ਅਧਿਕਾਰੀ ਕਰਦੇ ਹਨ। IRCC ਨੇ ਖ਼ਾਸ ਤੌਰ ’ਤੇ ਉਨ੍ਹਾਂ ਏਜੰਟਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ ਜੋ ਪੈਸੇ ਲੈ ਕੇ ਪੱਕੀ ਮਨਜ਼ੂਰੀ ਜਾਂ ਤੇਜ਼ ਪ੍ਰੋਸੈਸਿੰਗ ਦਾ ਵਾਅਦਾ ਕਰਦੇ ਹਨ।
IRCC ਮੁਤਾਬਕ ਜੇ ਕੋਈ ਏਜੰਟ “100 ਫ਼ੀਸਦੀ ਵੀਜ਼ਾ”, “ਪੱਕੀ PR”, “ਗਾਰੰਟੀਸ਼ੁਦਾ ਜੌਬ” ਜਾਂ ਇਮੀਗ੍ਰੇਸ਼ਨ ਫਾਈਲ ਨੂੰ ਖ਼ਾਸ ਤਰੀਕੇ ਨਾਲ ਜਲਦੀ ਲਗਵਾਉਣ ਦਾ ਦਾਅਵਾ ਕਰਦਾ ਹੈ ਤਾਂ ਇਹ ਠੱਗੀ ਦਾ ਸੰਕੇਤ ਹੋ ਸਕਦਾ ਹੈ। ਵਿਭਾਗ ਨੇ ਇਹ ਵੀ ਕਿਹਾ ਹੈ ਕਿ ਅਰਜ਼ੀ ਕਿਸੇ ਨੁਮਾਇੰਦੇ ਰਾਹੀਂ ਭਰੀ ਜਾਵੇ, ਫਿਰ ਵੀ ਉਸ ਵਿੱਚ ਦਿੱਤੀ ਜਾਣਕਾਰੀ ਦੀ ਜ਼ਿੰਮੇਵਾਰੀ ਬਿਨੈਕਾਰ ਦੀ ਰਹਿੰਦੀ ਹੈ। ਗਲਤ ਜਾਂ ਝੂਠੀ ਜਾਣਕਾਰੀ ਦੇਣ ਨਾਲ ਅਰਜ਼ੀ ਰੱਦ ਹੋਣ ਦੇ ਨਾਲ ਕੈਨੇਡਾ ਵਿੱਚ ਦਾਖ਼ਲੇ ’ਤੇ 5 ਸਾਲ ਤੱਕ ਦੀ ਪਾਬੰਦੀ ਵੀ ਲੱਗ ਸਕਦੀ ਹੈ।
ਕੈਨੇਡਾ ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਸਿਰਫ਼ ਅਧਿਕਾਰਤ ਅਤੇ IRCC ਸਰੋਤਾਂ ਤੋਂ ਹੀ ਜਾਂਚੀ ਜਾਵੇ ਅਤੇ ਪੈਸੇ ਦੇਣ ਤੋਂ ਪਹਿਲਾਂ ਕਿਸੇ ਵੀ ਪੇਡ ਇਮੀਗ੍ਰੇਸ਼ਨ ਨੁਮਾਇੰਦੇ ਦੀ ਅਧਿਕਾਰਤ ਰਜਿਸਟ੍ਰੇਸ਼ਨ ਦੀ ਪੁਸ਼ਟੀ ਕੀਤੀ ਜਾਵੇ। ਨਿੱਜੀ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ, ਤੁਰੰਤ ਭੁਗਤਾਨ ਲਈ ਦਬਾਅ ਪਾਉਣ ਜਾਂ “ਖ਼ਾਸ ਡੀਲ” ਦੇਣ ਵਾਲਿਆਂ ਤੋਂ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।


