ਮਨਪ੍ਰੀਤ ਬਾਦਲ ਦੀ ਧੀ ਰੀਆ ਦੇ ਵਿਆਹ ਦੀ ਰਿਸੈਪਸ਼ਨ ’ਚ ਪਹੁੰਚਣਗੇ ਭਾਜਪਾ ਤੇ ਅਕਾਲੀ ਦਲ ਦੇ ਆਗੂ; ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਸਮਾਗਮ ’ਤੇ ਨਜ਼ਰਾਂ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਪੰਜਾਬ ਦੀ ਸਿਆਸਤ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਦੀਆਂ ਚਰਚਾਵਾਂ ਦਰਮਿਆਨ ਅੱਜ ਦਿੱਲੀ ਵਿੱਚ ਇੱਕ ਅਹਿਮ ਸਮਾਜਿਕ ਸਮਾਗਮ ਸਿਆਸੀ ਨਜ਼ਰੀਏ ਤੋਂ ਵੀ ਖ਼ਾਸ ਮਹੱਤਵ ਰੱਖਦਾ ਹੈ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਦੇ ਵਿਆਹ ਦੀ ਰਿਸੈਪਸ਼ਨ ਮੰਗਲਵਾਰ ਰਾਤ ਕਰੀਬ 8 ਵਜੇ ਦਿੱਲੀ ਵਿੱਚ ਹੋਣੀ ਹੈ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਸੀਨੀਅਰ ਆਗੂਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਸਮਾਗਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਦੀ ਰਿਹਾਇਸ਼ ’ਤੇ ਰੱਖਿਆ ਗਿਆ ਹੈ। ਰੀਆ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਹੋ ਰਿਹਾ ਹੈ। ਵਿਆਹ ਸਮਾਗਮ ਵਿੱਚ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਦੀ ਸੰਭਾਵੀ ਮੌਜੂਦਗੀ ਇਸ ਲਈ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਦੋਵੇਂ ਪਾਰਟੀਆਂ 2020 ਵਿੱਚ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਅਜਿਹੇ ਨਿੱਜੀ ਸਮਾਜਿਕ ਮਾਹੌਲ ਵਿੱਚ ਇਕੱਠੀਆਂ ਹੋ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਐਨਡੀਏ ਸਰਕਾਰ ਬਣਨ ਦੇ ਬਿਆਨ ਦਿੱਤੇ ਗਏ ਹਨ। ਇਸ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਚਰਚਾ ਤੇਜ਼ ਹੋਈ ਹੈ। ‘ਦਿ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਗੱਠਜੋੜ ਬਾਰੇ ਅੰਤਿਮ ਫ਼ੈਸਲਾ ਦੀਵਾਲੀ ਦੇ ਆਸ-ਪਾਸ ਹੋ ਸਕਦਾ ਹੈ ਅਤੇ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਗੱਲਬਾਤ ਜਾਰੀ ਹੈ। ਹਾਲਾਂਕਿ, ਦੋਵਾਂ ਪਾਰਟੀਆਂ ਵੱਲੋਂ ਅਜੇ ਤੱਕ ਗੱਠਜੋੜ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।


