ਭਾਜਪਾ ਆਗੂ ਮੁਤਾਬਕ ਵਿਧਾਇਕ ਨੇ ਸਰਕਾਰੀ ਸਕੂਲਾਂ ਦੀ ਹਕੀਕਤ ਸਾਹਮਣੇ ਲਿਆਂਦੀ
ਲੁਧਿਆਣਾ : ਆਪਣਾ ਪੰਜਾਬ ਮੀਡੀਆ : ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਜਾਰੀ ਕੀਤੀ ਭਾਵੁਕ ਵੀਡੀਓ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਬਾਰੇ ਸਰਕਾਰ ਦੇ ਖੋਖ਼ਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਅੱਜ ਇੱਥੇ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਵਿਧਾਇਕ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਜ਼ਮੀਨੀ ਹਕੀਕਤ ਸਾਹਮਣੇ ਲਿਆਂਦੀ ਹੈ। ਜ਼ਿਕਰਯੋਗ ਹੈ ਕਿ ਵੀਡੀਓ ਵਿੱਚ ਵਿਧਾਇਕ ਨੇ ਦੱਸਿਆ ਹੈ ਕਿ ਉਸ ਨੂੰ ਕਈ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਕਈ ਵਿਸ਼ਿਆਂ ਲਈ ਅਧਿਆਪਕ ਉਪਲਬਧ ਨਹੀਂ ਹਨ। ਇਸ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ ਵਿਧਾਇਕ ਦੇ ਬੱਚਿਆਂ ਨੂੰ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹ ਆਪਣੇ ਪਿਤਾ ਰਾਹੀਂ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਵਾਉਣ। ਬਿੱਟੂ ਨੇ ਵਿਅੰਗ ਕਰਦਿਆਂ ਕਿਹਾ, ‘ਇਹ ਸਿੱਖਿਆ ਕ੍ਰਾਂਤੀ’ ਦੀ ਅਸਲ ਤਸਵੀਰ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਅਤੇ ਸਿੱਖਿਆ ਪ੍ਰਣਾਲੀ ਦੀ ਬਦਹਾਲੀ ਦਾ ਮੁੱਦਾ ਉਠਾ ਰਹੇ ਹਨ ਪਰ ਅੱਜ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਨੇ ਪਾਰਟੀ ਦੇ ਅੰਦਰੋਂ ਹੀ ਇਸ ਸੱਚਾਈ ਨੂੰ ਲੋਕਾਂ ਸਾਹਮਣੇ ਉਜਾਗਰ ਕਰ ਦਿੱਤਾ ਹੈ ਜੋ ਭਗਵੰਤ ਮਾਨ ਸਰਕਾਰ ਦੇ ਕੰਮਕਾਜ ’ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਬਦਲਾਅ ਦਾ ਵਾਅਦਾ ਕਰ ਕੇ ਸੱਤਾ ਵਿੱਚ ਆਈ ਸੀ, ਪਰ ਸਰਕਾਰੀ ਸਕੂਲਾਂ ਦੀ ਸਥਿਤੀ ਸਰਕਾਰ ਦੇ ਦਾਅਵਿਆਂ ਤੋਂ ਬਿਲਕੁੱਲ ਵੱਖਰੀ ਤਸਵੀਰ ਪੇਸ਼ ਕਰ ਰਹੀ ਹੈ।


