ਕੂਟਨੀਤੀ ਅਤੇ ਫ਼ੌਜੀ ਟਕਰਾਅ ਦੋਵਾਂ ਲਈ ਈਰਾਨ ਦੀ ਤਿਆਰੀ; ਅਰਾਘਚੀ ਨੇ ਕਿਹਾ—ਹੁਣ ਫ਼ੈਸਲਾ ਅਮਰੀਕਾ ਦੇ ਹੱਥ, ਗੱਲਬਾਤ ਜਾਂ ਹਮਲਾਵਰ ਰਸਤੇ ਵਿੱਚੋਂ ਚੋਣ ਕਰੇ ਵਾਸ਼ਿੰਗਟਨ
ਅਸ਼ਗਾਬਾਤ — ਆਪਣਾ ਪੰਜਾਬ ਮੀਡੀਆ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਵੱਲੋਂ ਮੁੜ ਫ਼ੌਜੀ ਹਮਲਾ ਜਾਂ ਕਿਸੇ ਤਰ੍ਹਾਂ ਦੀ ਹਮਲਾਵਰ ਕਾਰਵਾਈ ਕੀਤੀ ਗਈ ਤਾਂ ਈਰਾਨ ਇਸ ਦਾ ਪਹਿਲਾਂ ਨਾਲੋਂ ਵੀ ਵੱਧ ਸਖ਼ਤ ਜਵਾਬ ਦੇਵੇਗਾ। ਤੁਰਕਮੇਨਿਸਤਾਨ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਅਰਾਘਚੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਹੁਣ ਕੂਟਨੀਤਕ ਗੱਲਬਾਤ ਅਤੇ ਫ਼ੌਜੀ ਟਕਰਾਅ ਸਮੇਤ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਪਹਿਲਾਂ ਨਾਲੋਂ ਵੱਧ ਤਿਆਰ ਹੈ।
ਈਰਾਨੀ ਸਰਕਾਰੀ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਅਰਾਘਚੀ ਨੇ ਕਿਹਾ ਕਿ ਤਹਿਰਾਨ ਨੇ ਅਮਰੀਕਾ ਸਾਹਮਣੇ ਆਪਣੀਆਂ ਸ਼ਰਤਾਂ ਅਤੇ ਕੂਟਨੀਤਕ ਹੱਲ ਲਈ ਇੱਕ ਯੋਜਨਾ ਰੱਖ ਦਿੱਤੀ ਹੈ। ਹੁਣ ਇਹ ਵਾਸ਼ਿੰਗਟਨ ’ਤੇ ਨਿਰਭਰ ਕਰਦਾ ਹੈ ਕਿ ਉਹ ਸਮਝਦਾਰੀ ਨਾਲ ਗੱਲਬਾਤ ਦਾ ਰਾਹ ਚੁਣਦਾ ਹੈ ਜਾਂ ਪਹਿਲਾਂ ਵਾਂਗ ਫ਼ੌਜੀ ਕਾਰਵਾਈ ਵੱਲ ਵਧਦਾ ਹੈ। ਉਨ੍ਹਾਂ ਮੁਤਾਬਕ ਕਤਰ ਅਤੇ ਪਾਕਿਸਤਾਨ ਇਸ ਮਾਮਲੇ ਵਿੱਚ ਵਿਚੋਲਗੀ ਕਰ ਰਹੇ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਬਣਾਈ ਰੱਖਣ ਲਈ ਕੋਸ਼ਿਸ਼ਾਂ ਜਾਰੀ ਹਨ।
ਅਰਾਘਚੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਵੱਲੋਂ ਮੁੜ ਫ਼ੌਜੀ ਕਾਰਵਾਈ ਕੀਤੀ ਗਈ ਜਾਂ ਧੋਖੇਬਾਜ਼ੀ ਦੀ ਕੋਈ ਕੋਸ਼ਿਸ਼ ਹੋਈ ਤਾਂ ਈਰਾਨ ਦਾ ਜਵਾਬ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਨੇ ਆਪਣੇ ਹਥਿਆਰਾਂ ਨੂੰ ਅਪਗ੍ਰੇਡ ਕੀਤਾ ਹੈ, ਫ਼ੌਜੀ ਕਮਜ਼ੋਰੀਆਂ ਨੂੰ ਦੂਰ ਕੀਤਾ ਹੈ ਅਤੇ ਨਵੇਂ ਹਥਿਆਰਾਂ ਦੀ ਜਾਂਚ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਪੂਰੀ ਤਰ੍ਹਾਂ ਤਿਆਰ ਹਨ।


