ਜੈਫਰੀ ਐਪਸਟੀਨ ਨਾਲ ਜੁੜੀ ਰਿਪੋਰਟ ਨੂੰ ਲੈ ਕੇ ਦਾਇਰ ਕੀਤਾ ਸੀ ਮਾਣਹਾਨੀ ਦਾ ਕੇਸ; ਜੱਜ ਨੇ ਕਿਹਾ—ਟਰੰਪ ਦੋਸ਼ਾਂ ਵਿੱਚ ‘ਅਸਲ ਬਦਨੀਅਤੀ’ ਸਾਬਤ ਕਰਨ ਵਿੱਚ ਰਹੇ ਅਸਫਲ
ਵਾਸ਼ਿੰਗਟਨ — ਆਪਣਾ ਪੰਜਾਬ ਮੀਡੀਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਦਾਲਤ ਵਿੱਚ ਉਸ ਸਮੇਂ ਝਟਕਾ ਲੱਗਾ ਜਦੋਂ ਇੱਕ ਸੰਘੀ ਜੱਜ ਨੇ ‘ਵਾਲ ਸਟਰੀਟ ਜਰਨਲ’ ਖ਼ਿਲਾਫ਼ ਦਾਇਰ ਉਨ੍ਹਾਂ ਦਾ 10 ਅਰਬ ਡਾਲਰ ਦਾ ਮਾਣਹਾਨੀ ਮੁਕੱਦਮਾ ਖਾਰਜ ਕਰ ਦਿੱਤਾ। ਇਹ ਮਾਮਲਾ ਅਖ਼ਬਾਰ ਵੱਲੋਂ ਜੈਫਰੀ ਐਪਸਟੀਨ ਨਾਲ ਸਬੰਧਤ ਇੱਕ ਰਿਪੋਰਟ ਪ੍ਰਕਾਸ਼ਿਤ ਕਰਨ ਤੋਂ ਬਾਅਦ ਸ਼ੁਰੂ ਹੋਇਆ ਸੀ। ਅਦਾਲਤ ਨੇ 31 ਅਕਤੂਬਰ 2026 ਨੂੰ ਮੁਕੱਦਮਾ ਖਾਰਜ ਕਰਦਿਆਂ ਇਸ ਨੂੰ ਅਜਿਹੇ ਤਰੀਕੇ ਨਾਲ ਬੰਦ ਕੀਤਾ ਹੈ ਕਿ ਇਸੇ ਅਦਾਲਤ ਵਿੱਚ ਮੁੜ ਦਾਇਰ ਨਹੀਂ ਕੀਤਾ ਜਾ ਸਕੇਗਾ।
ਮਿਆਮੀ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡੈਰਿਨ ਗੇਲਜ਼ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਟਰੰਪ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਕਿ ਅਖ਼ਬਾਰ ਅਤੇ ਇਸ ਦੇ ਪੱਤਰਕਾਰਾਂ ਨੇ ਜਾਣਬੁੱਝ ਕੇ ਜਾਂ ਸੱਚਾਈ ਪ੍ਰਤੀ ਲਾਪਰਵਾਹੀ ਵਰਤਦਿਆਂ ਮਾਣਹਾਨੀ ਵਾਲੀ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਅਮਰੀਕੀ ਕਾਨੂੰਨ ਅਨੁਸਾਰ ਕਿਸੇ ਜਨਤਕ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਮਾਣਹਾਨੀ ਦਾ ਕੇਸ ਜਿੱਤਣ ਲਈ ਇਹ ਸਾਬਤ ਕਰਨਾ ਪੈਂਦਾ ਹੈ ਕਿ ਪ੍ਰਕਾਸ਼ਕ ਨੇ ਜਾਣਦੇ ਹੋਏ ਗਲਤ ਜਾਣਕਾਰੀ ਦਿੱਤੀ ਜਾਂ ਸੱਚਾਈ ਦੀ ਪਰਵਾਹ ਕੀਤੇ ਬਿਨਾਂ ਰਿਪੋਰਟ ਛਾਪੀ।
ਵਿਵਾਦ ਦੀ ਜੜ੍ਹ ‘ਵਾਲ ਸਟਰੀਟ ਜਰਨਲ’ ਦੀ ਜੁਲਾਈ 2025 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਾਲ 2003 ਵਿੱਚ ਜੈਫਰੀ ਐਪਸਟੀਨ ਦੇ 50ਵੇਂ ਜਨਮਦਿਨ ਮੌਕੇ ਤਿਆਰ ਕੀਤੀ ਗਈ ਇੱਕ ਐਲਬਮ ਵਿੱਚ ਟਰੰਪ ਦੇ ਨਾਮ ਨਾਲ ਇੱਕ ਵਿਵਾਦਤ ਜਨਮਦਿਨ ਸੰਦੇਸ਼ ਅਤੇ ਚਿੱਤਰ ਸ਼ਾਮਲ ਸੀ। ਟਰੰਪ ਨੇ ਇਸ ਸੰਦੇਸ਼ ਨੂੰ ਲਿਖਣ ਜਾਂ ਦਸਤਖ਼ਤ ਕਰਨ ਤੋਂ ਇਨਕਾਰ ਕਰਦਿਆਂ ਰਿਪੋਰਟ ਨੂੰ ਝੂਠਾ ਅਤੇ ਮਾਣਹਾਨੀ ਵਾਲਾ ਕਰਾਰ ਦਿੱਤਾ ਸੀ।


