ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਗ੍ਰਹਿ ਸੁਰੱਖਿਆ ਮੁਖੀ ਮਾਰਕਵੇਨ ਮਲਿਨ ਨੇ ਕਿਹਾ ਹੈ ਕਿ ਫ਼ੌਜੀ ਅੱਡੇ ’ਤੇ ਸਮੂਹਿਕ ਕਤਲੇਆਮ ਦੇ ਦੋਸ਼ੀ ਦੀ ਫ਼ਾਂਸੀ ਦਾ ਸਿੱਧਾ ਪ੍ਰਸਾਰਣ ਕਰਨ ਨਾਲ ਦੇਸ਼ ਦੀ ਸੁਰੱਖਿਆ ਨੂੰ ਕੋਈ ਵਾਧੂ ਖ਼ਤਰਾ ਨਹੀਂ ਹੈ। ਨਿਦਾਲ ਹਸਨ ਨੇ 2009 ਵਿੱਚ ਟੈਕਸਸ ਦੇ ਫੋਰਟ ਹੁੱਡ ਫ਼ੌਜੀ ਅੱਡੇ ’ਤੇ ਗੋਲੀਬਾਰੀ ਕਰਕੇ 13 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 30 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਉਹ ਅਮਰੀਕੀ ਫ਼ੌਜ ਵਿੱਚ ਮਨੋਚਿਕਿਤਸਕ ਸੀ। ਰੱਖਿਆ ਮੰਤਰੀ ਪੀਟ ਹੇਗਸੇਥ ਅਤੇ ਪੈਂਟਾਗਨ ਵੱਲੋਂ ਉਸ ਦੀ ਫ਼ਾਇਰਿੰਗ ਸਕੁਐਡ ਰਾਹੀਂ ਮੌਤ ਦਾ ਸਿੱਧਾ ਪ੍ਰਸਾਰਣ ਕਰਨ ਦੀ ਯੋਜਨਾ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਮੌਤ ਦੀ ਸਜ਼ਾ ਲਈ 3 ਦਸੰਬਰ ਦੀ ਤਰੀਕ ਦੱਸੀ ਗਈ ਹੈ। ਮਲਿਨ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਪ੍ਰਸਾਰਣ ਦੇਖਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਉੱਧਰ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਜਨਤਕ ਤੌਰ ’ਤੇ ਫ਼ਾਂਸੀ ਦਿਖਾਉਣ ਦੀ ਸੰਭਾਵਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਘਿਣਾਉਣਾ ਕਰਾਰ ਦਿੱਤਾ ਹੈ।


