ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਯੂਰਪੀ ਆਗੂਆਂ ਵਿਚਾਲੇ ਮਾਂਟਰੀਅਲ ਸਿਖਰ ਸੰਮੇਲਨ ਦੌਰਾਨ ਸਹਿਮਤੀ; ਕੈਨੇਡੀਅਨ ਵਿਦਿਆਰਥੀਆਂ ਲਈ ਯੂਰਪ ਵਿੱਚ ਪੜ੍ਹਾਈ, ਸਿਖਲਾਈ ਅਤੇ ਖੋਜ ਦੇ ਨਵੇਂ ਮੌਕੇ ਖੋਲ੍ਹਣ ਲਈ ਗੱਲਬਾਤ ਸ਼ੁਰੂ ਹੋਵੇਗੀ
ਮਾਂਟਰੀਅਲ — ਆਪਣਾ ਪੰਜਾਬ ਮੀਡੀਆ ਕੈਨੇਡਾ ਅਤੇ ਯੂਰਪੀ ਯੂਨੀਅਨ (EU) ਵਿਚਾਲੇ ਸਿੱਖਿਆ ਅਤੇ ਨੌਜਵਾਨਾਂ ਦੇ ਅਦਲਾ-ਬਦਲੀ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਲਈ ਅਹਿਮ ਪਹਿਲ ਕੀਤੀ ਗਈ ਹੈ। 29 ਅਤੇ 30 ਅਕਤੂਬਰ ਨੂੰ ਮਾਂਟਰੀਅਲ ਵਿੱਚ ਹੋਏ ਕੈਨੇਡਾ-ਯੂਰਪੀ ਯੂਨੀਅਨ ਸਿਖਰ ਸੰਮੇਲਨ ਦੌਰਾਨ ਦੋਵਾਂ ਧਿਰਾਂ ਨੇ ਯੂਰਪੀ ਯੂਨੀਅਨ ਦੇ ਪ੍ਰਮੁੱਖ ਵਿਦਿਆਰਥੀ ਅਤੇ ਸਿਖਲਾਈ ਪ੍ਰੋਗਰਾਮ ‘Erasmus+’ ਵਿੱਚ ਕੈਨੇਡਾ ਦੀ ਭਾਗੀਦਾਰੀ ਵਧਾਉਣ ਲਈ ਗੱਲਬਾਤ ਸ਼ੁਰੂ ਕਰਨ ’ਤੇ ਸਹਿਮਤੀ ਪ੍ਰਗਟਾਈ। ਇਸ ਪਹਿਲ ਦਾ ਉਦੇਸ਼ ਕੈਨੇਡੀਅਨ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਨੌਜਵਾਨਾਂ ਲਈ ਯੂਰਪ ਵਿੱਚ ਸਿੱਖਿਆ ਅਤੇ ਤਜਰਬਾ ਹਾਸਲ ਕਰਨ ਦੇ ਹੋਰ ਮੌਕੇ ਪੈਦਾ ਕਰਨਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨੇ ਇਸ ਸਹਿਯੋਗ ਨੂੰ ਦੋਵਾਂ ਖੇਤਰਾਂ ਦੇ ਲੋਕਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ। ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ Erasmus+ ਵਿੱਚ ਵਧੇਰੇ ਭਾਗੀਦਾਰੀ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਭਵ, ਨਵੀਆਂ ਭਾਸ਼ਾਵਾਂ ਅਤੇ ਹੁਨਰ ਸਿੱਖਣ ਦੇ ਮੌਕੇ ਮਿਲਣਗੇ। ਇਸ ਦੇ ਨਾਲ ਹੀ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਵਿਚਾਲੇ ਸਾਂਝੇ ਪ੍ਰੋਗਰਾਮਾਂ ਅਤੇ ਖੋਜ ਪ੍ਰਾਜੈਕਟਾਂ ਨੂੰ ਵੀ ਉਤਸ਼ਾਹ ਮਿਲੇਗਾ।
‘Erasmus+’ ਯੂਰਪੀ ਯੂਨੀਅਨ ਦਾ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਵਿਦਿਆਰਥੀਆਂ ਅਤੇ ਸਿੱਖਿਆ ਨਾਲ ਜੁੜੇ ਲੋਕਾਂ ਨੂੰ ਦੂਜੇ ਦੇਸ਼ਾਂ ਵਿੱਚ ਪੜ੍ਹਾਈ, ਸਿਖਲਾਈ, ਇੰਟਰਨਸ਼ਿਪ ਅਤੇ ਅਦਲਾ-ਬਦਲੀ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਇਸ ਅਧੀਨ ਉੱਚ ਸਿੱਖਿਆ, ਕਿੱਤਾਮੁਖੀ ਸਿਖਲਾਈ, ਨੌਜਵਾਨਾਂ ਦੇ ਸਾਂਝੇ ਪ੍ਰਾਜੈਕਟਾਂ ਅਤੇ ਖੇਡਾਂ ਨਾਲ ਜੁੜੀਆਂ ਗਤੀਵਿਧੀਆਂ ਨੂੰ ਵੀ ਸਹਾਇਤਾ ਮਿਲਦੀ ਹੈ। ਇਸ ਸਮੇਂ ਕੈਨੇਡਾ ਇਸ ਪ੍ਰੋਗਰਾਮ ਵਿੱਚ ਕੁਝ ਖ਼ਾਸ ਗਤੀਵਿਧੀਆਂ ਰਾਹੀਂ ਹਿੱਸਾ ਲੈ ਸਕਦਾ ਹੈ, ਪਰ ਪੂਰੀ ਭਾਗੀਦਾਰੀ ਲਈ ਨਵੇਂ ਸਮਝੌਤੇ ਦੀ ਲੋੜ ਹੈ।


