ਟਿਮ ਸੇਫਰਟ ਦੀਆਂ 93 ਦੌੜਾਂ ਅਤੇ ਗਲੇਨ ਫਿਲਿਪਸ ਦੇ ਨਾਬਾਦ 65 ਦੌੜਾਂ ਨੇ ਦਿਵਾਈ ਜਿੱਤ; ਭਾਰਤ ਨੇ 5 ਮੈਚਾਂ ਦੀ ਲੜੀ 3-2 ਨਾਲ ਆਪਣੇ ਨਾਮ ਕੀਤੀ
ਹੈਮਿਲਟਨ — ਆਪਣਾ ਪੰਜਾਬ ਮੀਡੀਆ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਪੰਜ ਮੈਚਾਂ ਦੀ ਟੀ-20 ਕ੍ਰਿਕਟ ਲੜੀ ਦੇ ਆਖ਼ਰੀ ਮੁਕਾਬਲੇ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਹੈਮਿਲਟਨ ਦੇ ਸੈਡਨ ਪਾਰਕ ਮੈਦਾਨ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਬਣਾਈਆਂ। ਜਵਾਬ ਵਿੱਚ ਨਿਊਜ਼ੀਲੈਂਡ ਨੇ 18 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 195 ਦੌੜਾਂ ਬਣਾਉਂਦਿਆਂ ਆਸਾਨ ਜਿੱਤ ਦਰਜ ਕੀਤੀ। ਹਾਲਾਂਕਿ ਆਖ਼ਰੀ ਮੈਚ ਵਿੱਚ ਹਾਰ ਦੇ ਬਾਵਜੂਦ ਭਾਰਤ ਨੇ ਲੜੀ 3-2 ਨਾਲ ਜਿੱਤ ਲਈ।
ਭਾਰਤੀ ਪਾਰੀ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਅਭਿਸ਼ੇਕ ਸ਼ਰਮਾ ਬਿਨਾਂ ਖਾਤਾ ਖੋਲ੍ਹੇ, ਜਦਕਿ ਸੰਜੂ ਸੈਮਸਨ ਸਿਰਫ਼ 4 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਨੇ ਤਿੱਖੀ ਬੱਲੇਬਾਜ਼ੀ ਕਰਦਿਆਂ 43 ਗੇਂਦਾਂ ਵਿੱਚ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਈਸ਼ਾਨ ਕਿਸ਼ਨ ਨੇ 32 ਗੇਂਦਾਂ ਵਿੱਚ 61 ਦੌੜਾਂ ਬਣਾਈਆਂ, ਜਦਕਿ ਸ਼੍ਰੇਅਸ ਅਈਅਰ ਨੇ 23 ਗੇਂਦਾਂ ਵਿੱਚ 50 ਦੌੜਾਂ ਦੀ ਤੇਜ਼ ਪਾਰੀ ਖੇਡੀ। ਨਮਨ ਧੀਰ ਨੇ ਵੀ 23 ਗੇਂਦਾਂ ਵਿੱਚ 33 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਐਡਮ ਮਿਲਨ ਸਭ ਤੋਂ ਸਫ਼ਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 19 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।
192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੂੰ ਟਿਮ ਸੇਫਰਟ ਅਤੇ ਗਲੇਨ ਫਿਲਿਪਸ ਨੇ ਸ਼ਾਨਦਾਰ ਬੱਲੇਬਾਜ਼ੀ ਨਾਲ ਜਿੱਤ ਦੇ ਨੇੜੇ ਪਹੁੰਚਾਇਆ। ਸੇਫਰਟ ਨੇ ਸਿਰਫ਼ 50 ਗੇਂਦਾਂ ਵਿੱਚ 93 ਦੌੜਾਂ ਬਣਾਈਆਂ, ਜਿਸ ਵਿੱਚ 11 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਉਹ ਆਪਣੇ ਪਹਿਲੇ ਟੀ-20 ਅੰਤਰਰਾਸ਼ਟਰੀ ਸੈਂਕੜੇ ਤੋਂ ਸਿਰਫ਼ 7 ਦੌੜਾਂ ਦੂਰ ਰਹਿ ਗਏ। ਦੂਜੇ ਪਾਸੇ ਗਲੇਨ ਫਿਲਿਪਸ ਨੇ 38 ਗੇਂਦਾਂ ਵਿੱਚ ਨਾਬਾਦ 65 ਦੌੜਾਂ ਬਣਾਈਆਂ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਦੋਵਾਂ ਵਿਚਾਲੇ ਹੋਈ 86 ਦੌੜਾਂ ਦੀ ਸਾਂਝੇਦਾਰੀ ਨੇ ਭਾਰਤੀ ਗੇਂਦਬਾਜ਼ਾਂ ’ਤੇ ਦਬਾਅ ਬਣਾ ਦਿੱਤਾ।


