ਕਿਊਬੈਕ : ਆਪਣਾ ਪੰਜਾਬ ਮੀਡੀਆ : ਕਿਊਬੈਕ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਇਤਿਹਾਸਕ ਤਬਦੀਲੀ ਦੇਖਣ ਨੂੰ ਮਿਲੇਗੀ। ਪ੍ਰੋਵਿੰਸ ਦੇ ਲੈਫਟੀਨੈਂਟ ਗਵਰਨਰ ਮੈਨਨ ਜਾਨੋਟ ਨੇ ਨਵੇਂ ਚੁਣੇ ਗਏ ਪ੍ਰੀਮੀਅਰ ਪੌਲ ਸੇਂਟ-ਪੀਅਰ ਪਲਾਮੋਂਦੋਂ ਦੀ ਬੇਨਤੀ ਸਵੀਕਾਰ ਕਰਦਿਆਂ ਸਮਾਗਮ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਉਹ ਆਪਣੇ ਨੇੜਲੇ ਦਫ਼ਤਰ ਤੋਂ ਸਕਰੀਨ ’ਤੇ ਸਮਾਗਮ ਦੇਖਣਗੇ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਊਬੈਕ ਦੀ ਨਵੀਂ ਸਰਕਾਰ ਦੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਰਾਜਸ਼ਾਹੀ ਦੇ ਨੁਮਾਇੰਦੇ ਵੱਲੋਂ ਨਹੀਂ ਕੀਤੀ ਜਾਵੇਗੀ। ਵਿਵਾਦ ਦੀ ਮੁੱਖ ਵਜ੍ਹਾ ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਹੈ। ਕਿਊਬੈਕ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨ ਰਾਹੀਂ ਪ੍ਰੋਵਿੰਸ਼ੀਅਲ ਵਿਧਾਇਕਾਂ ਲਈ ਇਹ ਸਹੁੰ ਲਾਜ਼ਮੀ ਨਾ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਪਾਰਟੀ ਕਿਊਬੈਕੁਆ ਦੇ ਆਗੂ ਪਲਾਮੋਂਦੋਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਰਾਜੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਨਹੀਂ ਚੁੱਕਣਗੇ। ਇਸ ਕਾਨੂੰਨ ਨੂੰ ਅਦਾਲਤ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਕੈਨੇਡਾ ਦੇ ਸੰਵਿਧਾਨ ਵਿੱਚ ਲੋੜੀਂਦੀ ਮਨਜ਼ੂਰੀ ਤੋਂ ਬਿਨਾਂ ਤਬਦੀਲੀ ਕੀਤੀ ਗਈ ਹੈ। ਜੇ ਅਦਾਲਤ ਰੋਕ ਲਗਾਉਂਦੀ ਹੈ ਤਾਂ ਸਹੁੰ ਚੁੱਕਣ ਤੋਂ ਇਨਕਾਰ ਕਰਨ ਵਾਲੇ ਵਿਧਾਇਕਾਂ ਦੀ ਵਿਧਾਨ ਸਭਾ ਵਿੱਚ ਬੈਠਣ ਦੀ ਯੋਗਤਾ ਪ੍ਰਭਾਵਿਤ ਹੋ ਸਕਦੀ ਹੈ।


