ਟੋਰਾਂਟੋ : ਆਪਣਾ ਪੰਜਾਬ ਮੀਡੀਆ : ਟੋਰਾਂਟੋ ਵਿੱਚ ਮੇਅਰ ਦੀ ਚੋਣ ਤੋਂ ਕੁਝ ਦਿਨ ਪਹਿਲਾਂ ਨਵਾਂ ਸਰਵੇਖਣ ਸਾਹਮਣੇ ਆਇਆ ਹੈ, ਜਿਸ ਮੁਤਾਬਕ ਮੌਜੂਦਾ ਮੇਅਰ ਓਲੀਵੀਆ ਚਾਓ ਅਤੇ ਉਮੀਦਵਾਰ ਬ੍ਰੈਡ ਬ੍ਰੈਡਫੋਰਡ ਵਿਚਾਲੇ ਮੁਕਾਬਲਾ ਬੇਹੱਦ ਫਸਵਾਂ ਹੋ ਗਿਆ ਹੈ। ਨੈਨੋਜ਼ ਰਿਸਰਚ ਵੱਲੋਂ 15 ਤੋਂ 18 ਅਕਤੂਬਰ ਦਰਮਿਆਨ 762 ਬਾਲਗ ਵੋਟਰਾਂ ’ਤੇ ਕੀਤੇ ਸਰਵੇਖਣ ਵਿੱਚ ਮਨ ਬਣਾ ਚੁੱਕੇ ਵੋਟਰਾਂ ਵਿੱਚੋਂ 49.8 ਫ਼ੀ ਸਦੀ ਨੇ ਓਲੀਵੀਆ ਚਾਓ ਅਤੇ 46.6 ਫ਼ੀ ਸਦੀ ਨੇ ਬ੍ਰੈਡ ਬ੍ਰੈਡਫੋਰਡ ਦਾ ਸਮਰਥਨ ਕੀਤਾ। ਸਰਵੇਖਣ ਵਿੱਚ ਗਲਤੀ ਦੀ ਸੰਭਾਵੀ ਹੱਦ 3.6 ਫ਼ੀ ਸਦੀ ਹੋਣ ਕਾਰਨ ਦੋਵਾਂ ਵਿਚਾਲੇ ਮੁਕਾਬਲਾ ਲਗਭਗ ਬਰਾਬਰ ਮੰਨਿਆ ਜਾ ਰਿਹਾ ਹੈ। ਸਰਵੇਖਣ ਮੁਤਾਬਕ, ਚਾਓ ਨੂੰ ਸਕਾਰਬਰੋ ਅਤੇ ਡਾਊਨਟਾਊਨ ਤੇ ਈਸਟ ਯੌਰਕ ਵਿੱਚ ਵਧੇਰੇ ਸਮਰਥਨ ਮਿਲ ਰਿਹਾ ਹੈ, ਜਦਕਿ ਬ੍ਰੈਡਫੋਰਡ ਨੌਰਥ ਯੌਰਕ ਅਤੇ ਇਟੋਬੀਕੋ ਵਿੱਚ ਅੱਗੇ ਹਨ। ਲਗਭਗ 16 ਫ਼ੀ ਸਦੀ ਵੋਟਰਾਂ ਨੇ ਹਾਲੇ ਆਪਣਾ ਮਨ ਨਹੀਂ ਬਣਾਇਆ। ਦੋਵਾਂ ਉਮੀਦਵਾਰਾਂ ਨੇ ਕਿਹਾ ਹੈ ਕਿ ਅਸਲ ਫੈਸਲਾ ਚੋਣਾਂ ਵਾਲੇ ਦਿਨ ਹੀ ਹੋਵੇਗਾ। 22 ਅਕਤੂਬਰ ਨੂੰ ਹੋਣ ਵਾਲੀ ਮੇਅਰ ਅਹੁਦੇ ਦੇ ਉਮੀਦਵਾਰਾਂ ਦੀ ਬਹਿਸ ਨੂੰ ਚੋਣ ਮੁਹਿੰਮ ਦਾ ਅਹਿਮ ਪੜਾਅ ਮੰਨਿਆ ਜਾ ਰਿਹਾ ਹੈ।


