ਯੂਰਪ ਨਾਲ ਤਣਾਅਪੂਰਨ ਸਬੰਧਾਂ ਮਗਰੋਂ ਏਸ਼ੀਆ ਵੱਲ ਰੁਖ਼ ਕਰ ਰਿਹਾ ਮਾਸਕੋ; ਭਾਰਤ-ਰੂਸ ਦੀ ਅੱਠ ਦਹਾਕਿਆਂ ਪੁਰਾਣੀ ਦੋਸਤੀ ਨੂੰ ਦੱਸਿਆ ਅਹਿਮ
ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਯੂਰਪੀ ਦੇਸ਼ਾਂ ਨਾਲ ਰੂਸ ਦੇ ਸਬੰਧਾਂ ਵਿੱਚ ਆਈ ਕੜਵਾਹਟ ਦੇ ਮੱਦੇਨਜ਼ਰ ਭਾਰਤ ਮਾਸਕੋ ਲਈ ਇੱਕ ਕੁਦਰਤੀ ਭਾਈਵਾਲ ਹੈ। ਬਲੂਮਬਰਗ ਨਿਊ ਇਕਾਨਮੀ ਫੋਰਮ ਦੇ ਸੰਪਾਦਕ-ਇਨ-ਚੀਫ਼ ਜੌਨ ਮਿਕਲਥਵੇਟ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰੂਸ ਅਤੇ ਯੂਰਪ ਦੇ ਸਬੰਧ ਯੂਕਰੇਨ ਜੰਗ ਤੋਂ ਬਾਅਦ ਕਾਫ਼ੀ ਵਿਗੜ ਗਏ ਹਨ, ਜਿਸ ਕਾਰਨ ਰੂਸ ਦਾ ਰੁਖ਼ ਏਸ਼ੀਆ ਵੱਲ ਵਧਿਆ ਹੈ। ਜੈਸ਼ੰਕਰ ਨੇ ਜ਼ੋਰ ਦਿੱਤਾ ਕਿ ਭਾਰਤ ਅਤੇ ਰੂਸ ਦੇ ਸਬੰਧ ਪਿਛਲੇ 75 ਤੋਂ 80 ਸਾਲਾਂ ਦੌਰਾਨ ਲਗਾਤਾਰ ਕਾਇਮ ਰਹੇ ਹਨ।
ਜੈਸ਼ੰਕਰ ਨੇ ਕਿਹਾ ਕਿ ਰੂਸ ਦਾ ਏਸ਼ੀਆ ਵੱਲ ਵਧਦਾ ਝੁਕਾਅ ਮੁੱਖ ਤੌਰ ’ਤੇ ਚੀਨ ਵੱਲ ਵੀ ਕੇਂਦਰਿਤ ਹੈ, ਪਰ ਭਾਰਤ ਦੇ ਹਿੱਤ ਵਿੱਚ ਹੈ ਕਿ ਮਾਸਕੋ ਕੋਲ ਏਸ਼ੀਆ ਵਿੱਚ ਹੋਰ ਮਹੱਤਵਪੂਰਨ ਭਾਈਵਾਲ ਵੀ ਹੋਣ। ਉਨ੍ਹਾਂ ਮੁਤਾਬਕ, ਭਾਰਤ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਕਾਇਮ ਰੱਖ ਕੇ ਰੂਸ ਨੂੰ ਇਹ ਭਰੋਸਾ ਦੇ ਰਿਹਾ ਹੈ ਕਿ ਬਦਲਦੇ ਵਿਸ਼ਵ ਹਾਲਾਤਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਦੀ ਭਾਈਵਾਲੀ ਸਥਿਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਨੇ ਏਸ਼ੀਆ ਵਿੱਚ ਤਾਕਤ ਦੇ ਸੰਤੁਲਨ ਅਤੇ ਖੇਤਰੀ ਸਥਿਰਤਾ ਵਿੱਚ ਵੀ ਯੋਗਦਾਨ ਪਾਇਆ ਹੈ।
ਜੈਸ਼ੰਕਰ ਦੇ ਇਹ ਬਿਆਨ ਅਜਿਹੇ ਸਮੇਂ ਆਏ ਹਨ ਜਦੋਂ ਯੂਕਰੇਨ ਜੰਗ ਨੂੰ ਲੈ ਕੇ ਯੂਰਪੀ ਸੰਘ ਰੂਸ ’ਤੇ ਆਰਥਿਕ ਦਬਾਅ ਵਧਾ ਰਿਹਾ ਹੈ ਅਤੇ ਰੂਸੀ ਫ਼ੌਜੀ ਉਦਯੋਗ ਨਾਲ ਜੁੜੀਆਂ ਕੰਪਨੀਆਂ ਤੇ ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਭਾਰਤ ਨੇ ਇਸ ਦੌਰਾਨ ਰੂਸ ਨਾਲ ਆਪਣੇ ਸਬੰਧਾਂ ਨੂੰ ਕਾਇਮ ਰੱਖਣ ਦੇ ਨਾਲ-ਨਾਲ ਬਦਲਦੇ ਕੌਮਾਂਤਰੀ ਹਾਲਾਤਾਂ ਵਿੱਚ ਆਪਣੇ ਰਣਨੀਤਕ ਹਿੱਤਾਂ ਨੂੰ ਮਹੱਤਵ ਦਿੱਤਾ ਹੈ। ਵਿਦੇਸ਼ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਭਾਰਤ ਰੂਸ ਨਾਲ ਸਥਿਰ ਸਬੰਧਾਂ ਨੂੰ ਏਸ਼ੀਆਈ ਤਾਕਤ ਸੰਤੁਲਨ ਅਤੇ ਵਿਸ਼ਵ ਕੂਟਨੀਤੀ ਦੇ ਪੱਖੋਂ ਮਹੱਤਵਪੂਰਨ ਮੰਨਦਾ ਹੈ।


