ਗਿੱਦੜਬਾਹਾ ਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੀ ਘਰ-ਘਰ ਮੁਹਿੰਮ ਸ਼ੁਰੂ
ਗਿੱਦੜਬਾਹਾ : ਆਪਣਾ ਪੰਜਾਬ ਮੀਡੀਆ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਘਰ-ਘਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਅਤੇ ਅਗਲੀ ਸਰਕਾਰ ਤੋਂ ਉਮੀਦਾਂ ਬਾਰੇ ਫੀਡਬੈਕ ਲਿਆ। ਸੁਖਬੀਰ ਬਾਦਲ ਨੇ ਖੁਦ ਕਈ ਘਰਾਂ ਵਿੱਚ ਫੀਡਬੈਕ ਫਾਰਮ ਭਰੇ ਅਤੇ ਹਰ ਪਰਿਵਾਰ ਨਾਲ ਕਰੀਬ 10 ਤੋਂ 15 ਮਿੰਟ ਗੱਲਬਾਤ ਕੀਤੀ।
ਅਕਾਲੀ ਦਲ ਦੇ ਫੀਡਬੈਕ ਫਾਰਮ ਵਿੱਚ ਨਸ਼ਾ, ਬੇਰੁਜ਼ਗਾਰੀ, ਪੰਜਾਬ ਦਾ ਕਰਜ਼ਾ, ਕਾਨੂੰਨ-ਵਿਵਸਥਾ, ਭ੍ਰਿਸ਼ਟਾਚਾਰ, ਕਿਸਾਨਾਂ ਦੀਆਂ MSP ਸਬੰਧੀ ਚਿੰਤਾਵਾਂ, ਮਹਿੰਗਾਈ, ਵਿਕਾਸ ਕਾਰਜ, ਔਰਤਾਂ ਨਾਲ ਜੁੜੇ ਮੁੱਦੇ, ਬਿਜਲੀ ਬਿੱਲ ਅਤੇ ਸਰਕਾਰੀ ਹਸਪਤਾਲਾਂ ਤੇ ਸਕੂਲਾਂ ਦੀ ਹਾਲਤ ਸਮੇਤ 15 ਮੁੱਦੇ ਸ਼ਾਮਲ ਕੀਤੇ ਗਏ ਹਨ। ਸੁਖਬੀਰ ਨੇ ਕਿਹਾ ਕਿ ਪਾਰਟੀ ਵਰਕਰ ਅਗਲੇ 20 ਦਿਨਾਂ ਵਿੱਚ ਸੂਬੇ ਦੇ ਹਰ ਘਰ ਤੱਕ ਪਹੁੰਚ ਕੇ ਲੋਕਾਂ ਦੀ ਰਾਏ ਦਰਜ ਕਰਨਗੇ ਅਤੇ ਇਨ੍ਹਾਂ ਮੁੱਦਿਆਂ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਦਾ ਆਧਾਰ ਬਣਾਇਆ ਜਾਵੇਗਾ।
ਇਸ ਮੌਕੇ ਸੁਖਬੀਰ ਬਾਦਲ ਨੇ ਕਈ ਨੀਤੀਗਤ ਅਤੇ ਭਲਾਈ ਸਬੰਧੀ ਐਲਾਨ ਵੀ ਕੀਤੇ, ਜਿਨ੍ਹਾਂ ਵਿੱਚ ਆਟਾ-ਦਾਲ ਸਕੀਮ ਦੀ ਬਹਾਲੀ, ਬੁਢਾਪਾ ਪੈਨਸ਼ਨ ਵਿੱਚ ਵਾਧਾ, ਬੇਜ਼ਮੀਨੇ ਪਰਿਵਾਰਾਂ ਨੂੰ ਪਲਾਟ ਅਤੇ ਨੌਜਵਾਨਾਂ ਲਈ ਕਾਰੋਬਾਰੀ ਕਰਜ਼ੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿੱਧੇ ਤੌਰ ’ਤੇ ਸਮਝਣ ਲਈ ਚਲਾਈ ਜਾ ਰਹੀ ਹੈ। ਅਕਾਲੀ ਦਲ ਵੱਲੋਂ ਅਗਲੇ ਪੜਾਅ ਵਿੱਚ ਹੋਰ ਚੋਣ ਹਲਕਿਆਂ ਤੱਕ ਇਹ ਘਰ-ਘਰ ਸੰਪਰਕ ਮੁਹਿੰਮ ਲਿਜਾਣ ਦੀ ਯੋਜਨਾ ਹੈ।


