2025-26 ਦੌਰਾਨ ਪੰਜਾਬ ਤੋਂ ਮਿਲੇ ਚੰਦੇ ’ਚ ਵੱਡਾ ਵਾਧਾ; ਰਾਜਿੰਦਰ ਗੁਪਤਾ ਨੇ ਜਨਵਰੀ ’ਚ ‘ਆਪ’ ਨੂੰ ਦਿੱਤੇ ਸਨ 5 ਕਰੋੜ ਰੁਪਏ
ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਆਮ ਆਦਮੀ ਪਾਰਟੀ ਨੂੰ ਵਿੱਤੀ ਸਾਲ 2025-26 ਦੌਰਾਨ ਪੰਜਾਬ ਤੋਂ 5.08 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ ਹੈ। ਚੋਣ ਕਮਿਸ਼ਨ ਕੋਲ 17 ਸਤੰਬਰ 2026 ਨੂੰ ਜਮ੍ਹਾਂ ਕਰਵਾਏ ਵੇਰਵਿਆਂ ਅਨੁਸਾਰ ਇਹ ਰਕਮ ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਵੱਧ ਹੈ। ਸਾਲ 2024-25 ਵਿੱਚ ‘ਆਪ’ ਨੂੰ ਪੰਜਾਬ ਤੋਂ 71 ਲੱਖ, 2023-24 ਵਿੱਚ 11.50 ਲੱਖ ਅਤੇ 2022-23 ਵਿੱਚ 44.60 ਲੱਖ ਰੁਪਏ ਦਾ ਚੰਦਾ ਮਿਲਿਆ ਸੀ।
ਪੰਜਾਬ ਤੋਂ ‘ਆਪ’ ਨੂੰ ਸਭ ਤੋਂ ਵੱਡਾ ਚੰਦਾ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਵੱਲੋਂ ਦਿੱਤਾ ਗਿਆ। ਉਪਲਬਧ ਵੇਰਵਿਆਂ ਮੁਤਾਬਕ ਉਨ੍ਹਾਂ ਨੇ 9 ਜਨਵਰੀ 2026 ਨੂੰ 5 ਕਰੋੜ ਰੁਪਏ ਦਾ ਚੈੱਕ ਪਾਰਟੀ ਨੂੰ ਦਿੱਤਾ ਸੀ। ਇਸ ਤੋਂ ਕਰੀਬ ਤਿੰਨ ਮਹੀਨੇ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਵਿੱਤੀ ਸਾਲ 2025-26 ਦੌਰਾਨ ‘ਆਪ’ ਨੂੰ ਸਮੁੱਚੇ ਦੇਸ਼ ਤੋਂ 12.09 ਕਰੋੜ ਰੁਪਏ ਦਾ ਸਿਆਸੀ ਚੰਦਾ ਮਿਲਿਆ, ਜਿਸ ਵਿੱਚ ਪੰਜਾਬ ਦੀ ਹਿੱਸੇਦਾਰੀ 5.08 ਕਰੋੜ ਰੁਪਏ ਰਹੀ।
ਇਸ ਤੋਂ ਇਲਾਵਾ ‘ਆਪ’ ਨੂੰ ਪੰਜਾਬ ਤੋਂ ਪਾਰਟੀ ਦੇ ਕੁਝ ਮੌਜੂਦਾ ਵਿਧਾਇਕਾਂ, ਮੰਤਰੀਆਂ ਅਤੇ ਇੱਕ ਹੋਰ ਸੰਸਦ ਮੈਂਬਰ ਵੱਲੋਂ ਵੀ ਚੰਦਾ ਦਿੱਤਾ ਗਿਆ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਲ ਦੌਰਾਨ ਕੁੱਲ 1.20 ਲੱਖ ਰੁਪਏ ਦਿੱਤੇ। ਮੰਤਰੀਆਂ ਵਿੱਚੋਂ ਅਮਨ ਅਰੋੜਾ ਨੇ 1.20 ਲੱਖ, ਡਾ. ਬਲਵੀਰ ਸਿੰਘ ਨੇ 25,200 ਅਤੇ ਡਾ. ਰਵਿਜੋਤ ਨੇ 25,200 ਰੁਪਏ ਦਾ ਚੰਦਾ ਦਿੱਤਾ।


