ਤੈਅਸ਼ੁਦਾ ਪੜਤਾਲ ਤੋਂ ਬਾਅਦ ਹੀ ਜਾਰੀ ਹੁੰਦਾ ਹੈ ਪਾਸਪੋਰਟ; ਭਾਰਤ ਦੀ 8 ਫ਼ੀਸਦੀ ਤੋਂ ਘੱਟ ਆਬਾਦੀ ਕੋਲ ਹੈ ਇਹ ਦਸਤਾਵੇਜ਼
ਨਵੀਂ ਦਿੱਲੀ :ਆਪਣਾ ਪੰਜਾਬ ਮੀਡੀਆ: ਪਾਸਪੋਰਟ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਵਿਦੇਸ਼ ਮੰਤਰਾਲੇ (MEA) ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਪਾਸਪੋਰਟ ਪਾਸਪੋਰਟ ਐਕਟ, 1967 ਤਹਿਤ ਜਾਰੀ ਕੀਤਾ ਜਾਣ ਵਾਲਾ ਕਾਨੂੰਨੀ ਦਸਤਾਵੇਜ਼ ਹੈ, ਜਿਸ ਦਾ ਮੁੱਖ ਉਦੇਸ਼ ਭਾਰਤੀ ਨਾਗਰਿਕਾਂ ਦੀ ਦੇਸ਼ ਤੋਂ ਵਿਦੇਸ਼ ਰਵਾਨਗੀ ਨੂੰ ਨਿਯਮਤ ਕਰਨਾ ਹੈ। ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਹਰ ਪਾਸਪੋਰਟ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਤੇ ਵਿਸਤ੍ਰਿਤ ਪੜਤਾਲ ਤੋਂ ਬਾਅਦ ਹੀ ਜਾਰੀ ਕੀਤਾ ਜਾਂਦਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਸਪੋਰਟ ਇੱਕ ਅੰਤਰਰਾਸ਼ਟਰੀ ਯਾਤਰਾ ਦਸਤਾਵੇਜ਼ ਹੈ, ਜਿਸ ਦੀ ਜਾਰੀ ਪ੍ਰਕਿਰਿਆ ਪਾਸਪੋਰਟ ਐਕਟ, 1967 ਅਤੇ ਪਾਸਪੋਰਟ ਨਿਯਮ, 1980 ਅਨੁਸਾਰ ਚਲਾਈ ਜਾਂਦੀ ਹੈ। ਮੰਤਰਾਲੇ ਅਨੁਸਾਰ ਇਸ ਦਸਤਾਵੇਜ਼ ਨੂੰ ਜਾਰੀ ਕਰਨ ਤੋਂ ਪਹਿਲਾਂ ਬਿਨੈਕਾਰ ਦੀ ਪਛਾਣ ਅਤੇ ਹੋਰ ਲੋੜੀਂਦੇ ਤੱਥਾਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ।
ਰਣਧੀਰ ਜੈਸਵਾਲ ਨੇ ਇਹ ਵੀ ਦੱਸਿਆ ਕਿ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਸਿਰਫ਼ 8 ਫ਼ੀਸਦੀ ਤੋਂ ਘੱਟ ਲੋਕਾਂ ਕੋਲ ਹੀ ਪਾਸਪੋਰਟ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ ਦੀ ਭੂਮਿਕਾ ਅਤੇ ਇਸ ਨਾਲ ਜੁੜੇ ਕਾਨੂੰਨੀ ਪ੍ਰਬੰਧਾਂ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਸ ਸਬੰਧੀ ਗਲਤਫਹਿਮੀਆਂ ਤੋਂ ਬਚਣਾ ਚਾਹੀਦਾ ਹੈ। ਇਹ ਸਪੱਸ਼ਟੀਕਰਨ ਹਾਲ ਹੀ ਵਿੱਚ ਪਾਸਪੋਰਟ ਦੀ ਕਾਨੂੰਨੀ ਹੈਸਿਅਤ ਨੂੰ ਲੈ ਕੇ ਉੱਠੇ ਵਿਵਾਦ ਦੇ ਮੱਦੇਨਜ਼ਰ ਸਾਹਮਣੇ ਆਇਆ ਹੈ।


