- ਥਾਈਲੈਂਡ ਦੀ ਰਾਜਧਾਨੀ ਵਿੱਚ ਸੋਮਵਾਰ ਤੜਕੇ ਵਾਪਰਿਆ ਹਾਦਸਾ
- ਪ੍ਰਧਾਨ ਮੰਤਰੀ ਚਾਰਨਵੀਰਾਕੁਲ ਵੱਲੋਂ ਮੌਕੇ ਦਾ ਜਾਇਜ਼ਾ
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਪੱਬ ਵਿੱਚ ਸੋਮਵਾਰ ਤੜਕੇ ਲੱਗੀ ਅੱਗ ਕਾਰਨ 27 ਜਣਿਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬਚਾਅ ਕਰਮਚਾਰੀਆਂ ਅਨੁਸਾਰ ਅੱਗ ਲੱਗਣ ਦੀ ਘਟਨਾ ਅੱਧੀ ਰਾਤ ਦੇ ਆਸ-ਪਾਸ ਵਾਪਰੀ। ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੈਂਕਾਕ ਦੇ ਉੱਤਰੀ ਹਿੱਸੇ ਵਿੱਚ ਸਥਿਤ ਇਸ ਪੱਬ ਦੇ ਮੁੱਖ ਦਰਵਾਜ਼ੇ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਲੋਕ ਜਾਨ ਬਚਾਉਣ ਲਈ ਬਾਹਰ ਭੱਜ ਰਹੇ ਸਨ, ਜਦਕਿ ਆਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਫੈਲ ਗਿਆ ਸੀ।
ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਚਾਰਨਵੀਰਾਕੁਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 27 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਕਈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫਾਇਰ ਫਾਈਟਰਾਂ ਨੇ ਅੱਧੇ ਘੰਟੇ ਵਿੱਚ ਅੱਗ ’ਤੇ ਪਾਇਆ ਕਾਬੂ, ਥਾਈਲੈਂਡ ’ਚ ਪਹਿਲਾਂ ਵੀ ਵਾਪਰ ਚੁੱਕੇ ਹਨ ਅਜਿਹੇ ਹਾਦਸੇ
ਅਧਿਕਾਰੀਆਂ ਮੁਤਾਬਕ ਫਾਇਰ ਫਾਈਟਰਾਂ ਨੂੰ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਲਗਪਗ ਅੱਧਾ ਘੰਟਾ ਲੱਗਿਆ। ਹਾਦਸੇ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ਵਿੱਚ ਪੱਬ ਦੇ ਅੰਦਰ ਸੜ ਚੁੱਕੀਆਂ ਕੁਰਸੀਆਂ, ਮੇਜ਼ ਅਤੇ ਬੁਰੀ ਤਰ੍ਹਾਂ ਨੁਕਸਾਨਿਆ ਅੰਦਰੂਨੀ ਹਿੱਸਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ ਵਿੱਚ ਪਹਿਲਾਂ ਵੀ ਅਜਿਹੀਆਂ ਵੱਡੀਆਂ ਤਰਾਸਦੀਆਂ ਦੇਖਣ ਨੂੰ ਮਿਲੀਆਂ ਹਨ। ਇਸ ਤੋਂ ਪਹਿਲਾਂ ਸਾਲ 2022 ਵਿੱਚ ਦੇਸ਼ ਦੇ ਪੂਰਬੀ ਹਿੱਸੇ ਵਿੱਚ ਇੱਕ ਮਿਊਜ਼ਿਕ ਪੱਬ ਵਿੱਚ ਅੱਗ ਲੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ। ਉਸ ਤੋਂ ਪਹਿਲਾਂ 1 ਜਨਵਰੀ 2009 ਨੂੰ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਬੈਂਕਾਕ ਦੇ ‘ਸਾਂਤੀਕਾ’ ਨਾਈਟ ਕਲੱਬ ਵਿੱਚ ਲੱਗੀ ਅੱਗ ਕਾਰਨ 66 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਸਨ, ਜੋ ਹਾਦਸਾ ਕਲੱਬ ਦੇ ਅੰਦਰ ਚਲਾਈ ਗਈ ਆਤਿਸ਼ਬਾਜ਼ੀ ਕਾਰਨ ਵਾਪਰਿਆ ਸੀ।


