- ਐੱਸ ਸੀ ਓ ਬੈਠਕ ’ਚ ਇਸਹਾਕ ਡਾਰ ਦੀ ਮੌਜੂਦਗੀ ’ਚ ਪਾਕਿਸਤਾਨ ਨੂੰ ਘੇਰਿਆ
- ਆਲਮੀ ਟਕਰਾਅ ਦੇ ਹੱਲ ਲਈ ਗੱਲਬਾਤ ਤੇ ਕੂਟਨੀਤੀ ਦਾ ਸੱਦਾ
- ਸੱਭਿਅਤਾ ਸੰਵਾਦ ਮੰਚ ਦੀ ਮੇਜ਼ਬਾਨੀ ਦਾ ਕੀਤਾ ਐਲਾਨ
ਦੁਸ਼ਾਂਬੇ : ਆਪਣਾ ਪੰਜਾਬ ਮੀਡੀਆ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਅਤਿਵਾਦ ਖਿਲਾਫ਼ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਅਤਿਵਾਦ ਅੱਜ ਵੀ ਸ਼ਾਂਤੀ ਤੇ ਵਿਕਾਸ ਲਈ ਸਭ ਤੋਂ ਗੰਭੀਰ ਖ਼ਤਰਾ ਹੈ। ਇਥੇ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਕੌਂਸਲ ਆਫ ਹੈੱਡਜ਼ ਆਫ ਗਵਰਨਮੈਂਟ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਤਿਵਾਦ ਨਾ ਸਿਰਫ਼ ਮਾਸੂਮ ਜਾਨਾਂ ਦਾ ਨੁਕਸਾਨ ਕਰਦਾ ਹੈ ਬਲਕਿ ਨਿਵੇਸ਼ ਅਤੇ ਵਪਾਰ ਵਿੱਚ ਵੀ ਅੜਿੱਕਾ ਬਣਦਾ ਹੈ। ਅਤਿਵਾਦ ਨਾਲ ਨਜਿੱਠਣ ਲਈ ਕੋਈ ਦੋਹਰਾ ਪੈਮਾਨਾ ਨਹੀਂ ਹੋਣਾ ਚਾਹੀਦਾ ਅਤੇ ਅਤਿਵਾਦੀਆਂ ਨੂੰ ਵਿੱਤ, ਸਮਰਥਨ ਜਾਂ ਸੁਰੱਖਿਅਤ ਪਨਾਹਗਾਹਾਂ ਮੁਹੱਈਆ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।
ਰੱਖਿਆ ਮੰਤਰੀ ਦੀ ਇਸ ਟਿੱਪਣੀ ਮੌਕੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਵੀ ਮੌਜੂਦ ਸਨ। ਰਾਜਨਾਥ ਸਿੰਘ ਨੇ ਕੁੱਲ ਆਲਮ ਵਿੱਚ ਜਾਰੀ ਟਕਰਾਅ ਨੂੰ ਹੱਲ ਕਰਨ ਲਈ ਗੱਲਬਾਤ ਅਤੇ ਕੂਟਨੀਤੀ ਦਾ ਸੱਦਾ ਦਿੰਦਿਆਂ ਕਿਹਾ ਕਿ ‘ਜੰਗ ਕਦੇ ਵੀ ਜੰਗ ਦਾ ਜਵਾਬ ਨਹੀਂ ਹੋ ਸਕਦੀ’। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਇਸ ਸਾਲ ਦੇ ਅਖ਼ੀਰ ਵਿੱਚ ਪਹਿਲੀ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸੱਭਿਅਤਾ ਸੰਵਾਦ ਮੰਚ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਸਾਰੇ ਐੱਸ ਸੀ ਓ ਮੈਂਬਰ ਮੁਲਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਤਿਆਨਜਿਨ ਵਿੱਚ ਐੱਸ ਸੀ ਓ ਮੁਲਕਾਂ ਦੇ ਮੁਖੀਆਂ ਦੀ ਮੀਟਿੰਗ ਦੌਰਾਨ ਇਹ ਮੰਚ ਬਣਾਉਣ ਦੀ ਤਜਵੀਜ਼ ਰੱਖੀ ਸੀ ਤਾਂ ਕਿ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਲਮੀ ਪੱਧਰ ’ਤੇ ਪ੍ਰਾਚੀਨ ਸੱਭਿਅਤਾਵਾਂ, ਕਲਾ, ਸਾਹਿਤ ਤੇ ਅਮੀਰ ਰਵਾਇਤਾਂ ਦੀ ਸਾਂਝ ਪਾਈ ਜਾ ਸਕੇ।


