ਬਘੇਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਵੀ ਤਲਖ਼ੀ ਬਰਕਰਾਰ; ਰਾਜ ਕੁਮਾਰ ਵੇਰਕਾ ਨੇ ਵੀ ਚੰਨੀ ਨਾਲ ਖੜ੍ਹਨ ਦਾ ਲਿਆ ਪੈਂਤੜਾ
ਪੰਜਾਬ ਕਾਂਗਰਸ ’ਚ ਬਗ਼ਾਵਤ ਦਰਮਿਆਨ ਕਾਂਗਰਸ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਇੱਥੇ ਕਾਂਗਰਸ ਭਵਨ ’ਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬਘੇਲ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਚੰਨੀ ਖੇਮੇ ਨੇ ਇੱਕ ਤਰੀਕੇ ਨਾਲ ਲਕੀਰ ਖਿੱਚ ਦਿੱਤੀ ਹੈ ਤੇ ਬਘੇਲ ਨਾਲੋਂ ਦੂਰੀ ਬਣਾ ਲਈ ਹੈ। ਅੱਜ ਭੁਪੇਸ਼ ਬਘੇਲ ਨੇ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨਾਲ ਵੀ ਮੁਲਾਕਾਤ ਕੀਤੀ। ਉਸ ਮਗਰੋਂ ਵੇਰਕਾ ਨੇ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੜਨ ਦੀ ਗੱਲ ਕੀਤੀ। ਚਰਨਜੀਤ ਚੰਨੀ ਦੇ ਦਿੱਲੀ ਵਿਖੇ ਹੋਣ ਦੀਆਂ ਖ਼ਬਰਾਂ ਹਨ।
ਅਹਿਮ ਸੂਤਰਾਂ ਅਨੁਸਾਰ ਚੰਨੀ ਧੜੇ ਨੇ ਭੁਪੇਸ਼ ਬਘੇਲ ਨੂੰ ਨਾ ਮਿਲਣ ਦਾ ਪੈਂਤੜਾ ਲਿਆ ਹੈ ਕਿਉਂਕਿ ਇਸ ਧੜੇ ਦੇ ਆਗੂ ਇਸ ਕਰਕੇ ਵੀ ਬਘੇਲ ਨਾਲ ਨਾਰਾਜ਼ ਹਨ ਕਿ ਬਘੇਲ ਨੇ ਕਦੇ ਵੀ ਉਨ੍ਹਾਂ ਨਾਲ ਗੱਲ ਕਰਨ ਨੂੰ ਪਹਿਲਾਂ ਤਰਜ਼ੀਹ ਨਹੀਂ ਦਿੱਤੀ ਸੀ। ਅੱਜ ਇੱਥੇ ਕਾਂਗਰਸ ਭਵਨ ’ਚ ਬਘੇਲ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਲੰਘੇ ਕੱਲ੍ਹ ਭੁਪੇਸ਼ ਬਘੇਲ ਨੇ ਅਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਗਠਿਤ ਕੀਤੀਆਂ ਨਵੀਆਂ ਚਾਰ ਕਮੇਟੀਆਂ ਦੇ ਚੇਅਰਮੈਨਾਂ ਨਾਲ ਮੀਟਿੰਗ ਤੈਅ ਕੀਤੀ ਸੀ ਪ੍ਰੰਤੂ ਦੋ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ।


