ਨਵੇਂ ਵਪਾਰਕ ਫ਼ੈਸਲੇ ਨਾਲ ਭਾਰਤੀ ਨਿਰਯਾਤਕਾਂ ‘ਤੇ ਅਸਰ ਪੈਣ ਦੀ ਸੰਭਾਵਨਾ, ਸਰਕਾਰ ਕਰ ਰਹੀ ਹੈ ਸਥਿਤੀ ਦੀ ਸਮੀਖਿਆ
ਵਾਸ਼ਿੰਗਟਨ/ਨਵੀਂ ਦਿੱਲੀ : ਆਪਣਾ ਪੰਜਾਬ ਮੀਡਿਆ :ਅਮਰੀਕਾ ਨੇ ਭਾਰਤ ਤੋਂ ਦਰਾਮਦ ਹੋਣ ਵਾਲੀਆਂ ਕਈ ਵਸਤੂਆਂ ‘ਤੇ 10 ਫੀਸਦੀ ਟੈਰਿਫ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨੂੰ ਅਮਰੀਕਾ ਦੀ ਨਵੀਂ ਵਪਾਰਕ ਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਘਰੇਲੂ ਉਦਯੋਗਾਂ ਦੀ ਸੁਰੱਖਿਆ ਅਤੇ ਵਪਾਰਕ ਸੰਤੁਲਨ ਬਣਾਈ ਰੱਖਣਾ ਹੈ।
ਨਵੇਂ ਟੈਰਿਫ ਕਾਰਨ ਭਾਰਤ ਦੇ ਕਈ ਨਿਰਯਾਤ ਖੇਤਰਾਂ, ਖ਼ਾਸ ਕਰਕੇ ਇੰਜੀਨੀਅਰਿੰਗ ਸਮਾਨ, ਰਸਾਇਣਕ ਉਤਪਾਦ, ਟੈਕਸਟਾਈਲ ਅਤੇ ਹੋਰ ਉਦਯੋਗਿਕ ਵਸਤੂਆਂ ਦੀ ਅਮਰੀਕੀ ਬਾਜ਼ਾਰ ਵਿੱਚ ਲਾਗਤ ਵੱਧ ਸਕਦੀ ਹੈ। ਇਸ ਨਾਲ ਭਾਰਤੀ ਨਿਰਯਾਤਕਾਂ ਦੀ ਮੁਕਾਬਲੇਬਾਜ਼ੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਭਾਰਤ ਸਰਕਾਰ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਦਾ ਵਿਸਥਾਰ ਨਾਲ ਅਧਿਐਨ ਕਰ ਰਹੀ ਹੈ ਅਤੇ ਦੋਵੇਂ ਦੇਸ਼ਾਂ ਵਿਚਾਲੇ ਚੱਲ ਰਹੀਆਂ ਵਪਾਰਕ ਗੱਲਬਾਤਾਂ ਰਾਹੀਂ ਇਸ ਮੁੱਦੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਟੈਰਿਫ ਲੰਬੇ ਸਮੇਂ ਤੱਕ ਲਾਗੂ ਰਹਿੰਦਾ ਹੈ ਤਾਂ ਇਸ ਦਾ ਅਸਰ ਭਾਰਤ-ਅਮਰੀਕਾ ਵਪਾਰਕ ਸਬੰਧਾਂ ਅਤੇ ਕੁਝ ਨਿਰਯਾਤ ਉਦਯੋਗਾਂ ਦੀ ਵਿਕਾਸ ਦਰ ‘ਤੇ ਪੈ ਸਕਦਾ ਹੈ।


