ਆਪਣਾ ਪੰਜਾਬ ਮੀਡੀਆ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਆਪਣੀ ਗੱਲਬਾਤ ਨੂੰ ‘ਇਤਿਹਾਸਕ’ ਤੇ ‘ਮੀਲ ਪੱਥਰ’ ਦੱਸਿਆ ਹੈ। ਟਰੰਪ ਨੇ ਆਪਣੀ ਤਿੰਨ ਦਿਨਾ ਫੇਰੀ ਨੂੰ ਹਾਂਦਰੂ ਨੋਟ ’ਤੇ ਸਮਾਪਤ ਕੀਤਾ, ਪਰ ਇਸ ਦੌਰਾਨ ਕਿਸੇ ਵੀ ਵਿਵਾਦਤ ਮੁੱਦੇ ’ਤੇ ਸਮਝੌਤੇ ਦਾ ਐਲਾਨ ਨਹੀਂ ਕੀਤਾ ਗਿਆ। ਉਂਝ ਦੋਵਾਂ ਆਗੂਆਂ ਨੇ ਕਈ ਗੇੜ ਦੀਆਂ ਬੈਠਕਾਂ ਦੌਰਾਨ ਇਰਾਨ ਜੰਗ ਅਤੇ ਦੁਵੱਲੇ ਵਪਾਰ ’ਚ ਟਕਰਾਅ ਸਣੇ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਕੀਤੀ।
ਸ਼ੀ ਤੇ ਟਰੰਪ ਨੇ ਪੇਈਚਿੰਗ ਦੇ ਸਭ ਤੋਂ ਸੁਰੱਖਿਅਤ ਅਹਾਤੇ ਜ਼ੌਂਗਨਨਹਾਈ, ਜਿੱਥੇ ਸਿਖਰਲੇ ਆਗੂ ਰਹਿੰਦੇ ਹਨ, ਵਿੱਚ ਨਿੱਜੀ ਬੈਠਕ ਨਾਲ ਆਪਣੀ ਵਿਚਾਰ ਚਰਚਾ ਦਾ ਅੰਤ ਕੀਤਾ। ਟਰੰਪ ਨੇ ਆਪਣੀ ਇਸ ਫੇਰੀ ਨੂੰ ‘ਬਹੁਤ ਸਫਲ ਤੇ ਅਭੁੱਲ’ ਦੱਸਿਆ। ਅਮਰੀਕੀ ਸਦਰ ਨੇ ਸ਼ੀ ਨੂੰ ‘ਆਪਣਾ ਪੁਰਾਣਾ ਦੋਸਤ’ ਦੱਸਦਿਆਂ ਕਿਹਾ ਕਿ ਉਹ ਆਪਣੇ ਚੀਨੀ ਹਮਰੁਤਬਾ ਪ੍ਰਤੀ ‘ਵੱਡਾ ਸਤਿਕਾਰ’ ਰੱਖਦੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਵਿੱਚ ਸ਼ੀ ਦੇ ਸਵਾਗਤ ਦੀ ਬੇਸਬਰੀ ਨਾਲ ਉਡੀਕ ਰਹੇਗੀ।
ਉੱਧਰ, ਸ਼ੀ ਨੇ ਟਰੰਪ ਦੀ ਫੇਰੀ ਨੂੰ ‘ਇਤਿਹਾਸਕ ਤੇ ਮੀਲ ਪੱਥਰ’ ਦੱਸਦਿਆਂ ਕਿਹਾ ਕਿ ਦੋਵਾਂ ਧਿਰਾਂ ਨੇ ਰਣਨੀਤਕ ਸਥਿਰਤਾ ਵਾਲੇ ਉਸਾਰੂ ਚੀਨ-ਅਮਰੀਕਾ ਸਬੰਧ ਬਣਾਉਣ ਦਾ ‘ਨਵਾਂ ਨਜ਼ਰੀਆ’ ਕਾਇਮ ਕੀਤਾ ਹੈ। ਚੀਨੀ ਸਦਰ ਨੇ ਕਿਹਾ, ‘‘ਅਸੀਂ ਸਥਿਰ ਆਰਥਿਕ ਤੇ ਵਪਾਰਕ ਸਬੰਧ ਬਣਾਈ ਰੱਖਣ, ਵੱਖ ਵੱਖ ਖੇਤਰਾਂ ਵਿੱਚ ਵਿਹਾਰਕ ਸਹਿਯੋਗ ਦਾ ਵਿਸਤਾਰ ਕਰਨ ਤੇ ਇੱਕ ਦੂਜੇ ਦੇ ਫ਼ਿਕਰਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਬਾਰੇ ਸਹਿਮਤੀ ਦਿੱਤੀ ਹੈ।’’ ਸ਼ੀ ਨੇ ਕਿਹਾ ਕਿ ਦੋਵੇਂ ਧਿਰਾਂ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ’ਤੇ ਸੰਚਾਰ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ’ਤੇ ਵੀ ਸਹਿਮਤ ਹੋਈਆਂ।

