ਆਪਣਾ ਪੰਜਾਬ ਮੀਡੀਆ : ਚੀਨ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਸ਼ੁਰੂ ਹੋਣ ਵਾਲੀ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਦੀ ਸਾਲਾਨਾ ਮੀਟਿੰਗ ਵਿੱਚ ਤਾਇਵਾਨ ਨੂੰ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦੇਵੇਗਾ। ਚੀਨ ਵੱਲੋਂ ਇਹ ਫ਼ੈਸਲਾ ‘ਵੰਨ ਚਾਈਨਾ’ ਸਿਧਾਂਤ ਤਹਿਤ ਕੀਤਾ ਗਿਆ ਹੈ ਜਿਸ ਅਨੁਸਾਰ ਉਹ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ।
ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਗਾਓ ਜਿਆਨਕੁਨ ਨੇ ਕਿਹਾ ਕਿ ਚੀਨ ਦੀ ਲੋਕਤੰਤਰੀ ਸਰਕਾਰ ਹੀ ਪੂਰੇ ਦੇਸ਼ ਦੀ ਇਕਲੌਤੀ ਜਾਇਜ਼ ਸਰਕਾਰ ਹੈ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਤਾਇਵਾਨ ਦੀ ਸ਼ਮੂਲੀਅਤ ’ਤੇ ਰੋਕ ਲਗਾਈ ਗਈ ਹੈ। ਦੂਜੇ ਪਾਸੇ, ਤਾਇਵਾਨ ਦੇ ਸਿਹਤ ਮੰਤਰੀ ਸ਼ਿਹ ਚੁੰਗ-ਲਿਆਂਗ ਨੇ ਇਸ ਫ਼ੈਸਲੇ ਨੂੰ ‘ਸ਼ਰਮਨਾਕ’ ਦੱਸਿਆ। ਉਨ੍ਹਾਂ ਕਿਹਾ ਕਿ ਆਲਮੀ ਸਿਹਤ ਚੁਣੌਤੀਆਂ ਦੇ ਦੌਰ ਵਿੱਚ ਤਾਇਵਾਨ ਨੂੰ ਬਾਹਰ ਰੱਖਣਾ ਗਲਤ ਹੈ।
ਤਾਇਵਾਨ ਨੇ ਐਲਾਨ ਕੀਤਾ ਹੈ ਕਿ ਉਸ ਨੂੰ ਭਾਵੇਂ ਅਧਿਕਾਰਤ ਤੌਰ ’ਤੇ ਮੀਟਿੰਗ ਲਈ ਸੱਦਾ ਨਹੀਂ ਦਿੱਤਾ ਗਿਆ ਪਰ ਉਹ ਆਪਣਾ ਵਫ਼ਦ ਜਨੇਵਾ ਭੇਜੇਗਾ ਜੋ ਮੀਟਿੰਗ ਤੋਂ ਅੱਡ ਹੋਰ ਮੁਲਕਾਂ ਦੇ ਮਾਹਿਰਾਂ ਨਾਲ ਮੀਟਿੰਗਾਂ ਕਰੇਗਾ। ਜ਼ਿਕਰਯੋਗ ਹੈ ਕਿ ਤਾਇਵਾਨ ਨੇ 2009 ਤੋਂ 2016 ਤੱਕ ਨਿਗਰਾਨ ਵਜੋਂ ਇਸ ਮੀਟਿੰਗ ਵਿੱਚ ਹਿੱਸਾ ਲਿਆ ਸੀ ਪਰ 2017 ਤੋਂ ਚੀਨ ਨੇ ਉਸ ਦੇ ਰਾਹ ਵਿੱਚ ਅੜਿੱਕੇ ਡਾਹੁਣੇ ਸ਼ੁਰੂ ਕਰ ਦਿੱਤੇ ਹਨ। ਮੌਜੂਦਾ ਰਾਸ਼ਟਰਪਤੀ ਲਾਈ ਚਿੰਗ-ਤੇ ਦੀਆਂ ਨੀਤੀਆਂ ਕਾਰਨ ਦੋਵੇਂ ਮੁਲਕਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਕੌਮਾਂਤਰੀ ਮੰਚਾਂ ’ਤੇ ਤਾਇਵਾਨ ਦੀ ਭੂਮਿਕਾ ਨੂੰ ਲੈ ਕੇ ਇਹ ਵਿਵਾਦ ਲਗਾਤਾਰ ਡੂੰਘਾ ਹੋ ਰਿਹਾ ਹੈ।

