ਆਪਣਾ ਪੰਜਾਬ ਮੀਡੀਆ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ’ਚੋਂ ਵੱਡੇ ਪੱਧਰ ’ਤੇ ਵੋਟਰਾਂ ਦੇ ਨਾਮ ਹਟਾਏ ਜਾਣ ’ਤੇ ਗੰਭੀਰ ਚਿੰਤਾ ਜਤਾਈ ਹੈ। ਪਾਰਟੀ ਦੇ ਜਨਰਲ ਸਕੱਤਰ ਐੱਮ ਏ ਬੇਬੀ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਮਾਮਲੇ ’ਚ ਫੌਰੀ ਦਖ਼ਲ ਦੇਣ ਦੀ ਮੰਗ ਕੀਤੀ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਲਿਖੇ ਪੱਤਰ ’ਚ ਬੇਬੀ ਨੇ ਹਾਲਾਤ ’ਤੇ ਗੁੱਸਾ, ਨਾਰਾਜ਼ਗੀ ਅਤੇ ਤਿੱਖਾ ਵਿਰੋਧ ਜਤਾਇਆ।
ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸੀ ਪੀ ਐੱਮ ਆਗੂ ਨੇ ਕਿਹਾ ਕਿ 90 ਲੱਖ ਤੋਂ ਵੱਧ ਵੋਟਰਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ ਹੈ ਜੋ ਪੱਛਮੀ ਬੰਗਾਲ ਦੇ ਕੁੱਲ ਵੋਟਰਾਂ ਦਾ ਕਰੀਬ 12 ਫ਼ੀਸਦ ਹਨ। ਪੱਤਰ ’ਚ ਉਨ੍ਹਾਂ ਕਿਹਾ ਕਿ ਵੋਟਰਾਂ ਨਾਲ ਮਸ਼ਕੂਕ ਵਜੋਂ ਵਿਹਾਰ ਕੀਤਾ ਜਾ ਰਿਹਾ ਹੈ ਅਤੇ ਖ਼ੁਦ ਨੂੰ ਵੋਟਰ ਸਾਬਤ ਕਰਨ ਦਾ ਬੋਝ ਵੀ ਉਨ੍ਹਾਂ ’ਤੇ ਹੀ ਪੈ ਰਿਹਾ ਹੈ।

