ਆਪਣਾ ਪੰਜਾਬ ਮੀਡੀਆ : ਜਲਾਲਾਬਾਦ ਦੇ ਰਹਿਣ ਵਾਲੇ ਪੰਕਜ ਮਲਹੋਤਰਾ (33) ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ, ਕਿਉਂਕਿ ਵਰਿੰਦਾਵਨ ਕਿਸ਼ਤੀ ਹਾਦਸੇ ਦੇ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਦਾ ਇਕਲੌਤਾ ਕਮਾਊ ਜੀਅ ਮਲਹੋਤਰਾ ਵਰਿੰਦਾਵਨ ਹਾਦਸੇ ਤੋਂ ਪਹਿਲਾਂ ਉਸੇ ਕਿਸ਼ਤੀ ਵਿੱਚ ਸਵਾਰ ਸੀ ਜੋ ਬਾਅਦ ਵਿੱਚ ਪਲਟ ਗਈ।
ਉਹ ਆਪਣੇ ਮਾਮੀ-ਮਾਮਾ (ਜੋ ਜਗਰਾਉਂ ਦੇ ਰਹਿਣ ਵਾਲੇ ਹਨ) ਦੇ ਨਾਲ ਵਰਿੰਦਾਵਨ ਦੀ ਯਾਤਰਾ ‘ਤੇ ਗਿਆ ਸੀ। ਇਸ ਦੁਖਦਾਈ ਘਟਨਾ ਵਿੱਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ।ਇੱਕ ਰਿਸ਼ਤੇਦਾਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਲਹੋਤਰਾ ਆਪਣੇ ਪੂਰੇ ਪਰਿਵਾਰ ਦਾ ਸਹਾਰਾ ਹੈ। ਉਸ ਦੀਆਂ ਦੋ ਛੋਟੀਆਂ ਅਣਵਿਆਹੀਆਂ ਭੈਣਾਂ, ਇੱਕ ਅੱਠ ਸਾਲ ਦਾ ਪੁੱਤਰ ਅਤੇ ਇੱਕ ਤਿੰਨ ਸਾਲ ਦੀ ਬੇਟੀ ਹੈ। ਉਨ੍ਹਾਂ ਕਿਹਾ, “ਸਾਰਾ ਪਰਿਵਾਰ ਉਸ ਦੀ ਕਮਾਈ ‘ਤੇ ਨਿਰਭਰ ਹੈ।” ਇੱਕ ਹੋਰ ਰਿਸ਼ਤੇਦਾਰ ਰਾਮ ਚੰਦ ਨੇ ਦੱਸਿਆ ਕਿ ਮਲਹੋਤਰਾ ਇੱਕ ਨਿੱਜੀ ਸਟੀਲ ਕੰਪਨੀ ਵਿੱਚ ਕੰਮ ਕਰਦਾ ਸੀ।ਗੰਭੀਰ ਸਥਿਤੀ ਦੇ ਬਾਵਜੂਦ, ਪਰਿਵਾਰ ਅਜੇ ਵੀ ਉਮੀਦ ਲਾਈ ਬੈਠਾ ਹੈ। ਰਿਸ਼ਤੇਦਾਰਾਂ ਨੇ ਕਿਹਾ, “ਅਸੀਂ ਅਜੇ ਵੀ ਕਿਸੇ ਚਮਤਕਾਰ ਅਤੇ ਉਸ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕਰ ਰਹੇ ਹਾਂ।

