ਟਰੰਪ ਦੇ ਫ਼ੈਸਲੇ ਨਾਲ ਅਮਰੀਕੀ ਬਾਜ਼ਾਰ ਚੜ੍ਹੇ ਚਰਮ ‘ਤੇ, ਤੇਲ ਕੀਮਤਾਂ ‘ਚ ਵੱਡੀ ਗਿਰਾਵਟ

News Online
2 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਤੂਫ਼ਾਨੀ ਤੇਜ਼ੀ ਦਰਜ ਕੀਤੀ ਗਈ। ਈਰਾਨ ਨੂੰ ਅਹਿਮ ਸਮੁੰਦਰੀ ਰਾਹ ‘ਹੋਰਮੁਜ਼ ਸਟ੍ਰੇਟ’ ਨੂੰ ਮੁੜ ਖੋਲ੍ਹਣ ਲਈ ਦਿੱਤੀ ਸਮਾਂ-ਹੱਦ ਵਧਾਉਣ ਦੇ ਐਲਾਨ ਨੇ ਗਲੋਬਲ ਬਾਜ਼ਾਰਾਂ ਵਿੱਚ ਸਕਾਰਾਤਮਕ ਸੰਕੇਤ ਦਿੱਤੇ।

ਇਸ ਐਲਾਨ ਨਾਲ ਨਿਵੇਸ਼ਕਾਂ ਵਿੱਚ ਭਰੋਸਾ ਵਧਿਆ ਅਤੇ ਅਮਰੀਕੀ ਸੂਚਕ ਅੰਕਾਂ ਨੇ ਵੱਡੀ ਛਾਲ ਮਾਰੀ। ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ‘ਐੱਸ. ਐਂਡ ਪੀ. 500’ ਅਤੇ ‘ਡਾਓ ਜੋਨਸ ਇੰਡਸਟਰੀਅਲ ਐਵਰੇਜ’ ਦੇ ਵਾਅਦਾ ਕਾਰੋਬਾਰ ਵਿੱਚ ਲਗਭਗ 2.6 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਦੂਜੇ ਪਾਸੇ, ਗਲੋਬਲ ਤੇਲ ਬਾਜ਼ਾਰ ਵਿੱਚ ਵੱਡੀ ਹਲਚਲ ਆਈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੁਰੰਤ ਗਿਰਾਵਟ ਦਰਜ ਕੀਤੀ ਗਈ ਅਤੇ ਇਹ ਲਗਭਗ 10 ਫੀਸਦੀ ਤੱਕ ਘਟ ਗਈਆਂ। ਮਾਹਿਰਾਂ ਮੁਤਾਬਕ, ਖੇਤਰੀ ਤਣਾਅ ਵਿੱਚ ਅਸਥਾਈ ਕਮੀ ਅਤੇ ਸੰਭਾਵਿਤ ਸਪਲਾਈ ਸੁਧਾਰ ਦੇ ਸੰਕੇਤਾਂ ਨੇ ਕੀਮਤਾਂ ਨੂੰ ਹੇਠਾਂ ਧੱਕਿਆ।

ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਮਰੀਕਾ ਅਗਲੇ ਪੰਜ ਦਿਨਾਂ ਤੱਕ ਈਰਾਨ ਦੇ ਬਿਜਲੀ ਘਰਾਂ ਅਤੇ ਹੋਰ ਊਰਜਾ ਸੰਬੰਧੀ ਢਾਂਚਿਆਂ ‘ਤੇ ਕੋਈ ਹਮਲਾ ਨਹੀਂ ਕਰੇਗਾ। ਇਸ ਐਲਾਨ ਨਾਲ ਜੰਗੀ ਤਣਾਅ ਘਟਣ ਦੀ ਉਮੀਦ ਬਣੀ ਹੈ, ਜਿਸਦਾ ਸਿੱਧਾ ਅਸਰ ਵਿੱਤੀ ਬਾਜ਼ਾਰਾਂ ‘ਤੇ ਵੇਖਣ ਨੂੰ ਮਿਲ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਕਾਇਮ ਰਹਿੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਵੀ ਬਾਜ਼ਾਰਾਂ ਵਿੱਚ ਸਥਿਰਤਾ ਅਤੇ ਤੇਜ਼ੀ ਜਾਰੀ ਰਹਿ ਸਕਦੀ ਹੈ।

Share This Article
Leave a Comment

Leave a Reply