ਆਪਣਾ ਪੰਜਾਬ ਮੀਡੀਆ : ਇਰਾਨ ਨੇ ਮੱਧ ਪੂਰਬ ਵਿੱਚ ਚੱਲ ਰਹੀ ਜੰਗ ਨੂੰ ਰੋਕਣ ਲਈ ਅਮਰੀਕਾ ਵੱਲੋਂ ਪੇਸ਼ ਕੀਤੀ ਗਈ ਜੰਗਬੰਦੀ ਦੀ ਤਜਵੀਜ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਇਸ ਦੇ ਉਲਟ ਇਰਾਨ ਨੇ ਆਪਣਾ ਜਵਾਬੀ ਪ੍ਰਸਤਾਵ ਪੇਸ਼ ਕਰਦਿਆਂ ਇਜ਼ਰਾਈਲ ਅਤੇ ਖਾੜੀ ਦੇਸ਼ਾਂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਇਰਾਨੀ ਆਗੂ ਅੰਦਰੂਨੀ ਡਰ ਦੇ ਬਾਵਜੂਦ ਸਮਝੌਤਾ ਕਰਨ ਲਈ ਉਤਾਵਲੇ ਹਨ।
ਸੂਤਰਾਂ ਮੁਤਾਬਕ ਅਮਰੀਕਾ ਨੇ 15 ਨੁਕਾਤੀ ਯੋਜਨਾ ਪੇਸ਼ ਕੀਤੀ ਸੀ, ਜਿਸ ਵਿੱਚ ਇਰਾਨ ’ਤੇ ਲੱਗੀਆਂ ਪਾਬੰਦੀਆਂ ਹਟਾਉਣ, ਪਰਮਾਣੂ ਪ੍ਰੋਗਰਾਮ ’ਤੇ ਰੋਕ ਅਤੇ ਹੋਰਮੁਜ਼ ਜਲਮਾਰਗ (Strait of Hormuz) ਨੂੰ ਮੁੜ ਖੋਲ੍ਹਣ ਵਰਗੀਆਂ ਸ਼ਰਤਾਂ ਸ਼ਾਮਲ ਸਨ। ਪਰ ਇਰਾਨ ਨੇ ਸਰਕਾਰੀ ਟੀਵੀ ਰਾਹੀਂ ਆਪਣੀ ਯੋਜਨਾ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਉਸ ਦੇ ਅਧਿਕਾਰੀਆਂ ਦੀਆਂ ਹੱਤਿਆਵਾਂ ਬੰਦ ਕੀਤੀਆਂ ਜਾਣ, ਜੰਗ ਦਾ ਹਰਜਾਨਾ ਦਿੱਤਾ ਜਾਵੇ ਅਤੇ ਹੋਰਮੁਜ਼ ਜਲਮਾਰਗ ’ਤੇ ਉਸ ਦੀ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਵੇ। ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਦੁਸ਼ਮਣ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ।

