ਆਪਣਾ ਪੰਜਾਬ ਮੀਡੀਆ : ਸੰਯੁਕਤ ਅਰਬ ਅਮੀਰਾਤ (UAE) ਦੇ ਫੁਜੈਰਾਹ ਵਿੱਚ ਹੋਏ ਹਮਲੇ, ਜਿਸ ਵਿੱਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ ਹਨ, ’ਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਭਾਰਤ ਨੇ ਮੰਗਲਵਾਰ ਨੂੰ ਇਸ ਘਟਨਾ ਨੂੰ ‘ਨਾ-ਕਾਬਿਲੇ-ਬਰਦਾਸ਼ਤ’ (Unacceptable) ਕਰਾਰ ਦਿੱਤਾ ਅਤੇ ਖੇਤਰ ਵਿੱਚ ਵਧ ਰਹੀ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ।
ਭਾਰਤੀ ਵਿਦੇਸ਼ ਮੰਤਰਾਲੇ (MEA) ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਇਸ ਨਾਜ਼ੁਕ ਸਥਿਤੀ ਨੂੰ ਸੁਲਝਾਉਣ ਲਈ ਗੱਲਬਾਤ ਅਤੇ ਕੂਟਨੀਤੀ ਦੇ ਪੱਖ ਵਿੱਚ ਹੈ। ਮੰਤਰਾਲੇ ਨੇ ਸਾਰੀਆਂ ਧਿਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕੀਤੀ ਜਾ ਸਕੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ ਫੁਜੈਰਾਹ ’ਤੇ ਹਮਲਾ, ਜਿਸ ਵਿੱਚ ਤਿੰਨ ਭਾਰਤੀ ਜ਼ਖ਼ਮੀ ਹੋਏ ਹਨ, ਬੇਹੱਦ ਮੰਦਭਾਗਾ ਹੈ। ਮਾਸੂਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਤੁਰੰਤ ਬੰਦ ਹੋਣਾ ਚਾਹੀਦਾ ਹੈ।

