ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਨਾਲ ਜੰਗ ਖ਼ਤਮ ਕਰਨ ਅਤੇ ਹਰਮੁਜ਼ ਜਲ ਮਾਰਗ ਮੁੜ ਖੋਲ੍ਹਣ ਸਬੰਧੀ ਵੱਡਾ ਸਮਝੌਤਾ ਲਗਪਗ ਤੈਅ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਜ਼ਰਾਈਲ ਅਤੇ ਖਿੱਤੇ ਦੇ ਹੋਰ ਮੁਲਕਾਂ ਨਾਲ ਗੱਲਬਾਤ ਤੋਂ ਬਾਅਦ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜਿਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
ਟਰੰਪ ਨੇ ਇਸ ਨੂੰ ਅਮਨ ਨਾਲ ਸਬੰਧਤ ਐੱਮ ਓ ਯੂ (ਸਹਿਮਤੀ) ਦੱਸਿਆ ਹੈ ਜਿਸ ’ਤੇ ਅਮਰੀਕਾ, ਇਰਾਨ ਅਤੇ ਹੋਰ ਮੁਲਕਾਂ ਦੇ ਦਸਤਖ਼ਤ ਹੋਣੇ ਬਾਕੀ ਹਨ। ਇਸ ਸਮਝੌਤੇ ਲਈ ਟਰੰਪ ਨੇ ਸਾਊਦੀ ਅਰਬ, ਯੂ ਏ ਈ, ਕਤਰ, ਤੁਰਕੀ, ਮਿਸਰ, ਜੌਰਡਨ, ਬਹਿਰੀਨ ਅਤੇ ਪਾਕਿਸਤਾਨ ਦੇ ਆਗੂਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਹੋਈ ਗੱਲਬਾਤ ਨੂੰ ਵੀ ਹਾਂ-ਪੱਖੀ ਦੱਸਿਆ।

