ਆਪਣਾ ਪੰਜਾਬ ਮੀਡੀਆ : ਅਮਰੀਕਾ ਨੇ ਭਾਰਤ ਨੂੰ ਕਰੀਬ 1.4 ਕਰੋੜ ਡਾਲਰ ਮੁੱਲ ਦੀਆਂ 657 ਪ੍ਰਾਚੀਨ ਵਸਤਾਂ ਮੋੜੀਆਂ ਹਨ ਅਤੇ ਕਿਹਾ ਕਿ ਇਸ ਏਸ਼ਿਆਈ ਮੁਲਕ ਨੂੰ ਚੋਰੀ ਹੋਈਆਂ ਕਲਾਕ੍ਰਿਤਾਂ ਵਾਪਸ ਦਿਵਾਉਣ ਲਈ ਹਾਲੇ ਹੋਰ ਕੰਮ ਕੀਤਾ ਜਾਣਾ ਬਾਕੀ ਹੈ। ਪ੍ਰਾਚੀਨ ਵਸਤਾਂ ਮੋੜਨ ਦਾ ਐਲਾਨ ਮੰਗਲਵਾਰ ਨੂੰ ਮੈਨਹਟਨ ਦੇ ਜ਼ਿਲ੍ਹਾ ਅਟਾਰਨੀ ਐਲਵਿਨ ਬ੍ਰੈਗ ਨੇ ਕੀਤਾ। ਇਹ ਵਸਤਾਂ ਕਈ ਤਸਕਰੀ ਗਰੋਹਾਂ ਦੀ ਜਾਂਚ ਮਗਰੋਂ ਬਰਾਮਦ ਕੀਤੀਆਂ ਗਈਆਂ ਸਨ, ਜਿਨ੍ਹਾਂ ’ਚ ਬਦਨਾਮ ਕਲਾ ਵਪਾਰੀ ਸੁਭਾਸ਼ ਕਪੂਰ ਅਤੇ ਤਸਕਰ ਨੈਨਸੀ ਵੀਨਰ ਨਾਲ ਜੁੜੇ ਗਰੋਹ ਵੀ ਸ਼ਾਮਲ ਹਨ। ਇਨ੍ਹਾਂ ਵਸਤਾਂ ਨੂੰ ਨਿਊਯਾਰਕ ਸਥਿਤ ਭਾਰਤੀ ਕੌਂਸਲਖ਼ਾਨੇ ਦੀ ਕੌਂਸੁਲ ਰਾਜਲਕਸ਼ਮੀ ਕਦਮ ਦੀ ਮੌਜੂਦਗੀ ’ਚ ਹੋਏ ਪ੍ਰੋਗਰਾਮ ’ਚ ਭਾਰਤ ਹਵਾਲੇ ਕੀਤਾ ਗਿਆ।
ਨਿਊਯਾਰਕ ’ਚ ਭਾਰਤ ਦੇ ਕੌਂਸੁਲ ਜਨਰਲ ਵਿਨੈ ਪ੍ਰਧਾਨ ਨੇ ਮੈਨਹਟਨ ਜ਼ਿਲ੍ਹਾ ਅਟਾਰਨੀ ਦਫ਼ਤਰ, ਅਮਰੀਕੀ ਗ੍ਰਹਿ ਸੁਰੱਖਿਆ ਮੰਤਰਾਲੇ ਅਤੇ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਮੋੜੀਆਂ ਗਈਆਂ ਵਸਤਾਂ ’ਚ ਅਵਲੋਤਿਕੇਸ਼ਵਰ ਦੀ ਕਰੀਬ 20 ਲੱਖ ਡਾਲਰ ਮੁੱਲ ਦੀ ਕਾਂਸੇ ਦੀ ਮੂਰਤੀ ਸ਼ਾਮਲ ਹੈ ਜੋ ਸ਼ੇਰਾਂ ਨਾਲ ਸਜੇ ਸਿੰਘਾਸਨ ’ਤੇ ਦੋ ਕਮਲਾਂ ਵਾਲੇ ਆਸਣ ’ਤੇ ਬਿਰਾਜਮਾਨ ਹਨ। ਇਸ ਦੇ ਕਾਰੀਗਰ ਦਾ ਨਾਮ ਦਰੋਣਦਿੱਤਿਆ ਦੱਸਿਆ ਗਿਆ ਹੈ ਜੋ ਛੱਤੀਸਗੜ੍ਹ ਦੇ ਮੌਜੂਦਾ ਰਾਏਪੁਰ ਨੇੜਲੇ ਸਿਪੁਰ ਦਾ ਵਸਨੀਕ ਸੀ। ਇਹ ਮੂਰਤੀ 1939 ’ਚ ਲਕਸ਼ਮਣ ਮੰਦਰ ਕੋਲੋਂ ਮਿਲੇ ਕਾਂਸੇ ਦੀਆਂ ਮੂਰਤੀਆਂ ਦੇ ਵੱਡੇ ਭੰਡਾਰ ਦਾ ਹਿੱਸਾ ਸੀ ਅਤੇ 1952 ਤੱਕ ਰਾਏਪੁਰ ਦੇ ਮਹੰਤ ਘਾਸੀਦਾਸ ਯਾਦਗਾਰੀ ਅਜਾਇਬਘਰ ਦੇ ਸੰਗ੍ਰਹਿ ’ਚ ਸ਼ਾਮਲ ਹੋ ਗਈ ਸੀ।

