ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 14 ਤੇ 15 ਮਈ ਨੂੰ ਚੀਨ ਦਾ ਦੌਰਾ ਕਰਨਗੇ ਜਿੱਥੇ ਉਹ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਪਹਿਲੋਂ ਤੈਅ ਸਿਖਰ ਵਾਰਤਾ ’ਚ ਹਿੱਸਾ ਲੈਣਗੇ। ਟਰੰਪ ਇਸ ਤੋਂ ਪਹਿਲਾਂ ਇਸ ਮਹੀਨੇ ਦੇ ਅਖ਼ੀਰ ’ਚ ਚੀਨ ਦੀ ਯਾਤਰਾ ਕਰਨ ਵਾਲੇ ਸਨ ਪਰ ਉਨ੍ਹਾਂ ਇਰਾਨ ਨਾਲ ਜਾਰੀ ਜੰਗ ਕਾਰਨ ਯਾਤਰਾ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ। ਟਰੰਪ ਦੀ ਚੀਨ ਫੇਰੀ ਦਾ ਐਲਾਨ ਕਰਦਿਆਂ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੈਵਿਟ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪ੍ਰਥਮ ਮਹਿਲਾ ਮੈਲਾਨੀਆ ਟਰੰਪ ਵੀ ਇਸ ਸਾਲ ਵਾਸ਼ਿੰਗਟਨ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਉਨ੍ਹਾਂ ਦੀ ਪਤਨੀ ਪੇਂਗ ਲਿਊਆਨ ਦੀ ਮੇਜ਼ਬਾਨੀ ਕਰਨਗੇ। ਲੈਵਿਟ ਅਨੁਸਾਰ ਰਾਸ਼ਟਰਪਤੀ ਅਤੇ ਸ਼ੀ ਦਰਮਿਆਨ ਬੈਠਕ ਮੁੜ ਤੈਅ ਕਰਨ ਦੇ ਵਿਸ਼ੇ ’ਤੇ ਕੋਈ ਚਰਚਾ ਨਹੀਂ ਹੋਈ ਸੀ।

