ਆਪਣਾ ਪੰਜਾਬ ਮੀਡੀਆ : ਥਾਈਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਥਕਸਿਨ ਸ਼ਿਨਾਵਾਤਰਾ ਨੂੰ ਸੱਤਾ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਅੱਠ ਮਹੀਨੇ ਦੀ ਜੇਲ੍ਹ ਦੀ ਸਜ਼ਾ ਕੱਟਣ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ ਹੈ। ਸ਼ਿਨਾਵਾਤਰਾ (76) ਨੂੰ ਇਸ ਮਾਮਲੇ ’ਚ ਇੱਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਦੀ ਰਿਹਾਈ ਮੌਕੇ ਉਨ੍ਹਾਂ ਦੇ ਤਕਰੀਬਨ 300 ਹਮਾਇਤੀ ਅਤੇ ਸਿਆਸੀ ਸਹਿਯੋਗੀ ‘ਕਲੌਂਗ ਪ੍ਰੇਮ ਕੇਂਦਰੀ ਜੇਲ੍ਹ’ ਦੇ ਬਾਹਰ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਦੀ ਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਪੈਤੌਂਗਤਾਰਨ ਸ਼ਿਨਾਵਾਤਰਾ ਸਮੇਤ ਪਰਿਵਾਰ ਦੇ ਹੋਰ ਮੈਂਬਰ ਵੀ ਉੱਥੇ ਹਾਜ਼ਰ ਸਨ। ਜੇਲ੍ਹ ’ਚੋਂ ਨਿਕਲਣ ਮਗਰੋਂ ਸ਼ਿਨਾਵਾਤਰਾ ਮੀਡੀਆ ਨਾਲ ਗੱਲ ਕੀਤੇ ਬਿਨਾਂ ਚਲੇ ਗਏ।
ਥਕਸਿਨ ਸ਼ਿਨਾਵਾਤਰਾ ਉਦਯੋਗਪਤੀ ਸਨ ਜਿਨ੍ਹਾਂ 1998 ’ਚ ਖੁਦ ਦੀ ਸਿਆਸੀ ਪਾਰਟੀ ਬਣਾਈ ਅਤੇ ਉਨ੍ਹਾਂ 2001 ਤੋਂ 2006 ’ਚ ਫੌਜੀ ਤਖ਼ਤਾ ਪਲਟ ਤੱਕ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ।

