ਆਪਣਾ ਪੰਜਾਬ ਮੀਡੀਆ : ਤਾਮਿਲ ਨਾਡੂ ਦੇ ਲੋਕ ਨਿਰਮਾਣ ਅਤੇ ਖੇਡ ਵਿਕਾਸ ਮੰਤਰੀ ਆਧਵ ਅਰਜੁਨ ਨੇ ਕਾਂਗਰਸ, ਵੀ ਸੀ ਕੇ ਅਤੇ ਆਈ ਯੂ ਐੱਮ ਐੱਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੀ ਜੋਸਫ ਵਿਜੇ ਚਾਹੁੰਦੇ ਹਨ ਕਿ ਕੈਬਨਿਟ ਕਾਂਗਰਸ, ਵੀ ਸੀ ਕੇ, ਸੀ ਪੀ ਆਈ, ਸੀ ਪੀ ਆਈ-ਐੱਮ ਅਤੇ ਆਈ ਯੂ ਐੱਮ ਐੱਲ ਵਰਗੀਆਂ ਪਾਰਟੀਆਂ ਨਾਲ ਮਿਲ ਕੇ ‘ਇੱਕ ਪਰਿਵਾਰ’ ਵਾਂਗ ਕੰਮ ਕਰੇ।ਅਰਜੁਨ ਨੇ ਦੋਸ਼ ਲਾਇਆ ਕਿ ਡੀ ਐੱਮ ਕੇ ਅਤੇ ਅੰਨਾ ਡੀ ਐੱਮ ਕੇ ਨੇ ਸੱਤਾ ’ਤੇ ਕਾਬਜ਼ ਹੋਣ ਲਈ ਇੱਕ ਦੂਜੇ ਨਾਲ ਮਿਲੀਭੁਗਤ ਕੀਤੀ ਅਤੇ ਟੀ ਵੀ ਕੇ ਨੂੰ ਸਰਕਾਰ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਟੀ ਵੀ ਕੇ ਪਾਰਟੀ ਦੋਵਾਂ ਦਾ ਇੱਕੋ ਜਿਹਾ ਦ੍ਰਿਸ਼ਟੀਕੋਣ ਹੈ ਕਿ ਸਮਾਜਿਕ ਨਿਆਂ ਦੇ ਸਿਧਾਂਤਾਂ ’ਤੇ ਕੰਮ ਕਰਨ ਲਈ ਵਚਨਬੱਧ ਨੇਤਾ ਅਤੇ ਪਾਰਟੀਆਂ ਕੈਬਨਿਟ ਵਿੱਚ ਸ਼ਾਮਲ ਹੋਣ। ਉਨ੍ਹਾਂ ਕਿਹਾ, ‘‘ਖ਼ਾਸ ਤੌਰ ’ਤੇ, ਕਾਂਗਰਸ ਅੱਗੇ ਆਈ ਅਤੇ ਸਾਡੇ ਨੇਤਾ ’ਤੇ ਭਰੋਸਾ ਕਰਦਿਆਂ ਸਾਨੂੰ ਸਮਰਥਨ ਦਿੱਤਾ।’’ ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਜ਼ੋਰ ਦਿੱਤਾ ਹੈ ਕਿ ਕਾਂਗਰਸ ਨੂੰ ਕੈਬਨਿਟ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਖੱਬੇ ਪੱਖੀ ਪਾਰਟੀਆਂ ਦੇ ਬਾਹਰੀ ਸਮਰਥਨ ਦੇਣ ਦੇ ਨੀਤੀਗਤ ਫ਼ੈਸਲੇ ਦਾ ਹਮੇਸ਼ਾ ਸਤਿਕਾਰ ਕਰਨਗੇ।

