ਗ੍ਰੰਥੀ ਸਿੰਘਾਂ ਨੇ ਬਾਬਾ ਟੇਕ ਸਿੰਘ ਨੂੰ ਮੰਗ ਪੱਤਰ ਸੌਂਪਿਆ

News Online
2 Min Read

ਆਪਣਾ ਪੰਜਾਬ ਮੀਡੀਆ : ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਵੱਖ-ਵੱਖ ਇਲਾਕਿਆਂ ਤੋਂ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਦਾ ਵਫ਼ਦ ਤਖ਼ਤ ਦਮਦਮਾ ਸਾਹਿਬ ਵਿਖੇ ਪੁੱਜਿਆ, ਜਿੱਥੇ ਉਨ੍ਹਾਂ ਨੇ ਜਥੇਦਾਰ ਬਾਬਾ ਟੇਕ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।ਵਫ਼ਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਇਹ ਐਕਟ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੇ ਦਖ਼ਲ ਵਜੋਂ ਦੇਖਿਆ ਜਾ ਰਿਹਾ ਹੈ।

ਗ੍ਰੰਥੀ ਸਿੰਘਾਂ ਦਾ ਕਹਿਣਾ ਸੀ ਕਿ ਬੇਅਦਬੀ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਇਸ ਕਾਨੂੰਨ ਤਹਿਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘਾਂ ਅਤੇ ਸੰਗਤ ਉੱਤੇ ਵਧੇਰੇ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾ ਰਹੀਆਂ ਹਨ। ਨਵੇਂ ਕਾਨੂੰਨ ਕਾਰਨ ਸੰਗਤ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦਾ ਅਸਰ ਇਹ ਹੋ ਰਿਹਾ ਹੈ ਕਿ ਕਈ ਪਰਿਵਾਰ ਆਪਣੇ ਘਰਾਂ ਵਿੱਚ ਸਥਾਪਿਤ ਪਵਿੱਤਰ ਪੋਥੀਆਂ ਅਤੇ ਗੁਟਕੇ ਗੁਰਦੁਆਰਾ ਸਾਹਿਬਾਨ ਵਿੱਚ ਜਮ੍ਹਾਂ ਕਰਵਾ ਰਹੇ ਹਨ। ਗ੍ਰੰਥੀ ਸਿੰਘਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਕਿਸੇ ਵੀ ਅਣਚਾਹੀ ਘਟਨਾ ਦੀ ਸੂਰਤ ਵਿੱਚ ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।

ਬਾਬਾ ਟੇਕ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਤਖ਼ਤ ਸਾਹਿਬ ਸੇਵਾਦਾਰਾਂ ਅਤੇ ਸਿੱਖ ਸੰਸਥਾਵਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਕਿਸੇ ਵੀ ਗ੍ਰੰਥੀ ਸਿੰਘ ਨਾਲ ਨਾਜਾਇਜ਼ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਕਾਨੂੰਨ ਸੰਗਤ ਨੂੰ ਗੁਰੂ ਸਾਹਿਬ ਤੋਂ ਦੂਰ ਕਰੇ, ਉਹ ਕਦੇ ਪ੍ਰਵਾਨ ਨਹੀਂ ਹੋ ਸਕਦਾ। ਇਸ ਮਾਮਲੇ ਸਬੰਧੀ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਤਲਬ ਕੀਤਾ ਗਿਆ ਹੈ।

Share This Article
Leave a Comment

Leave a Reply