ਆਪਣਾ ਪੰਜਾਬ ਮੀਡੀਆ :ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲਣ ਦਾ ਦਾਅਵਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਹਲੂਣਾ ਦਿੱਤਾ ਹੈ। ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਇਸ ਸਮੇਂ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਕੀਤੀ ਜਾ ਰਹੀ ਹੈ।
ਪੰਜਾਬ ਪੁਲੀਸ ਵੱਲੋਂ 328 ਵਿੱਚੋਂ 169 ਸਰੂਪ ਮਿਲਣ ਸਬੰਧੀ ਤੱਥ ਮੁੱਖ ਮੰਤਰੀ ਨਾਲ ਸਾਂਝੇ ਕੀਤੇ ਗਏ ਹਨ। ਇਸ ਬਾਰੇ ਖੁਲਾਸਾ ਮੁੱਖ ਮੰਤਰੀ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਕਾਨਫ਼ਰੰਸ ਦੌਰਾਨ ਕੀਤਾ।
ਵੇਰਵਿਆਂ ਅਨੁਸਾਰ, ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਣ ਸਮੇਂ ਸ਼੍ਰੋਮਣੀ ਕਮੇਟੀ ਨਾਲ ਜੁੜੇ ਮਾਮਲਿਆਂ ਦੇ ਸਬੂਤ ਵੀ ਆਪਣੇ ਨਾਲ ਲੈ ਜਾ ਸਕਦੇ ਹਨ। ਕਈ ਦਿਨਾਂ ਤੋਂ ਇਸ ਸਬੰਧੀ ਦਸਤਾਵੇਜ਼ ਇਕੱਠੇ ਕੀਤੇ ਜਾ ਰਹੇ ਹਨ।
ਸੂਤਰਾਂ ਮੁਤਾਬਕ, ਜੇ ਮੁੱਖ ਮੰਤਰੀ ਜਨਤਕ ਤੌਰ ’ਤੇ ਚੁੱਪ ਵੀ ਰਹਿੰਦੇ ਹਨ ਤਾਂ ਵੀ ਉਹ ਸਬੂਤਾਂ ਦੇ ਜ਼ਰੀਏ ਆਪਣਾ ਪੱਖ ਬਿਨਾਂ ਬੋਲਿਆਂ ਸਾਹਮਣੇ ਰੱਖ ਸਕਦੇ ਹਨ।

