ਪੰਜਾਬ ਵਿੱਚ ਭਾਜਪਾ ਸਰਕਾਰ ਬਣਾਵੇਗੀ: ਸੁਨੀਲ ਜਾਖੜ

News Online
2 Min Read

ਆਪਣਾ ਪੰਜਾਬ ਮੀਡੀਆ : ਪੱਛਮੀ ਬੰਗਾਲ, ਅਸਾਮ ਤੇ ਪੁੱਡੂਚੇਰੀ ਵਿੱਚ ਭਾਜਪਾ ਦੇ ਜਿੱਤ ਮਗਰੋਂ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਭਾਜਪਾ ਵਰਕਰਾਂ ਨਾਲ ਖੁਸ਼ੀ ਮਨਾਉਂਦਿਆਂ ਕਿਹਾ ਕਿ ਪੱਛਮੀ ਬੰਗਾਲ ਤੋਂ ਬਾਅਦ ਹੁਣ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਏਗੀ।
ਸ੍ਰੀ ਜਾਖੜ ਨੇ ਕਿਹਾ ਕਿ ਜੇ ਪੱਛਮੀ ਬੰਗਾਲ ਵਿਚ ਭਾਜਪਾ ਆ ਸਕਦੀ ਹੈ ਤਾਂ ਪੰਜਾਬ ਵਿਚ ਵੀ ਆ ਸਕਦੀ ਹੈ। ਬੰਗਾਲ ਵਿਚ ਅਮਨ ਕਾਨੂੰਨ ਦੀ ਮਾੜੀ ਹਾਲਤ ਸੀ, ਬੇਰੁਜ਼ਗਾਰੀ, ਨਸ਼ੇ ਤੇ ਗੈਂਗਸਟਰਵਾਦ ਸਿਖਰ ’ਤੇ ਸੀ।

ਪੰਜਾਬ ਵਿਚ ਵੀ ਹਾਲਾਤ ਸੁਖਾਵੇਂ ਨਹੀਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹਰ ਪੱਧਰ ’ਤੇ ਫੇਲ੍ਹ ਸਾਬਤ ਹੋਈ ਹੈ ਅਤੇ ਕਾਂਗਰਸ ਦਾ ਨਾ ਸਿਰਫ਼ ਪੰਜਾਬ ਵਿਚ ਸਗੋਂ ਦੇਸ਼ ਭਰ ਵਿਚ ਸਫਾਇਆ ਹੋ ਗਿਆ ਹੈ। ਪੰਜਾਬ ਵਿਚ ਕਾਂਗਰਸ ਨੇ ਸੱਤਾਧਾਰੀ ਧਿਰ ਅੱਗੇ ਸਰੰਡਰ ਕਰ ਦਿੱਤਾ ਹੈ ਅਤੇ ਸੱਤਾਧਾਰੀ ਧਿਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਆਪਣੇ ਵਿਧਾਇਕਾਂ ਨੂੰ ਭ੍ਰਿਸ਼ਟ ਗਤੀਵਿਧੀਆਂ ਦੀ ਖੁੱਲ੍ਹ ਦੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ ਅਤੇ ਨਸ਼ੇ ਵੀ ਵਧਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿੱਚ ਭਾਜਪਾ ਹੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ, ਗੈਂਗਸਟਰਵਾਦ ਅਤੇ ਨਸ਼ਿਆਂ ਦਾ ਖਾਤਮਾ ਕਰ ਸਕਦੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਅਪੀਲ ਕੀਤੀ।

Share This Article
Leave a Comment

Leave a Reply