ਆਪਣਾ ਪੰਜਾਬ ਮੀਡੀਆ : ਮੰਗਲੌਰ ਰਿਫਾਇਨਰੀ ਐਂਡ ਪੈਟਰੋਕੈਮੀਕਲਸ ਲਿਮਟਿਡ (MRPL) ਵੱਲੋਂ ਕਿਰਾਏ ‘ਤੇ ਲਿਆ ਗਿਆ ਰੂਸੀ ਕੱਚੇ ਤੇਲ ਦਾ ਟੈਂਕਰ MT ਐਕੁਆ ਟਾਈਟਨ ਐਤਵਾਰ ਨੂੰ ਭਾਰਤ ਪਹੁੰਚ ਗਿਆ ਹੈ। ਪੱਛਮੀ ਏਸ਼ੀਆ ਵਿੱਚ ਸੰਘਰਸ਼ ਅਤੇ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦਰਮਿਆਨ ਇਹ ਭਾਰਤ ਲਈ ਰਾਹਤ ਵਾਲੀ ਖ਼ਬਰ ਹੈ। ਇਹ ਟੈਂਕਰ ਇਸ ਸਮੇਂ ਮੰਗਲੁਰੂ ਤੱਟ ਤੋਂ ਲਗਪਗ 10 ਸਮੁੰਦਰੀ ਮੀਲ ਦੂਰ ਅਰਬ ਸਾਗਰ ਵਿੱਚ ਖੜ੍ਹਾ ਹੈ। ਇਸ ਤੋਂ ਇਲਾਵਾ, ਅਮਰੀਕਾ ਦੇ ਟੈਕਸਾਸ ਤੋਂ ਐਲਪੀਜੀ (LPG) ਲੈ ਕੇ ਆ ਰਿਹਾ ਇੱਕ ਹੋਰ ਮਾਲਵਾਹਕ ਜਹਾਜ਼ ਵੀ ਨਿਊ ਮੰਗਲੌਰ ਪੋਰਟ ‘ਤੇ ਪਹੁੰਚ ਚੁੱਕਾ ਹੈ, ਜੋ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਹੋਵੇਗਾ।
ਸ਼ਿਪਿੰਗ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਨਿਊ ਮੰਗਲੌਰ ਪੋਰਟ ਨੇ 14 ਮਾਰਚ ਤੋਂ 31 ਮਾਰਚ ਤੱਕ ਕੱਚੇ ਤੇਲ ਅਤੇ ਐਲਪੀਜੀ ਨਾਲ ਸਬੰਧਤ ਕਾਰਗੋ ਚਾਰਜ ਮੁਆਫ਼ ਕਰ ਦਿੱਤੇ ਹਨ ਤਾਂ ਕਿ ਸਪਲਾਈ ਵਿੱਚ ਕੋਈ ਦਿੱਕਤ ਨਾ ਆਵੇ। ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਨੇ ਦੱਸਿਆ ਕਿ ਪੱਛਮੀ ਏਸ਼ੀਆ ਦੇ ਤਣਾਅ ਦੇ ਬਾਵਜੂਦ ਫਾਰਸ ਦੀ ਖਾੜੀ ਵਿੱਚ ਮੌਜੂਦ ਸਾਰੇ 22 ਭਾਰਤੀ ਜਹਾਜ਼ ਅਤੇ 611 ਭਾਰਤੀ ਮਲਾਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਸਰਕਾਰ ਇਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਕਈ ਭਾਰਤੀ ਜਹਾਜ਼ ਹੋਰਮੁਜ਼ ਜਲ ਮਾਰਗ ਨੂੰ ਸੁਰੱਖਿਅਤ ਪਾਰ ਕਰਕੇ ਗੁਜਰਾਤ ਅਤੇ ਮੰਗਲੁਰੂ ਦੀਆਂ ਬੰਦਰਗਾਹਾਂ ‘ਤੇ ਪਹੁੰਚ ਚੁੱਕੇ ਹਨ ਜੋ ਭਾਰਤ ਦੀ ਮਜ਼ਬੂਤ ਸੁਰੱਖਿਆ ਅਤੇ ਰਣਨੀਤਕ ਤਿਆਰੀ ਨੂੰ ਦਰਸਾਉਂਦਾ ਹੈ।

