ਆਪਣਾ ਪੰਜਾਬ ਮੀਡੀਆ : ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਚਾਰ ਸੰਸਦ ਮੈਂਬਰਾਂ ਨੇ ਅੱਜ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਗੇ ਪੰਜਾਬ ਸਰਕਾਰ ਦੀ ਬਦਲੇ ਦੀ ਸਿਆਸਤ ਦਾ ਮੁੱਦਾ ਚੁੱਕਿਆ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਦੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਬਾਰੇ ਜਾਣੂ ਕਰਾਇਆ। ਮੁਲਾਕਾਤ ਮਗਰੋਂ ਰਾਘਵ ਚੱਢਾ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਸੰਵਿਧਾਨ ਦੀ ਰਾਖੀ ਅਤੇ ਨਾਲ ਹੀ ਉਨ੍ਹਾਂ (ਸੰਸਦ ਮੈਂਬਰਾਂ) ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਹੈ। ਉਨ੍ਹਾਂ ਨਾਲ ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਵੀ ਹਾਜ਼ਰ ਸਨ।
ਚੱਢਾ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੀ ਕਿਸ਼ਤੀ ਡੁੱਬ ਰਹੀ ਹੈ, ਜਿਸ ਕਰ ਕੇ ‘ਆਪ’ ਹੁਣ ਬਦਲਾਖ਼ੋਰੀ ’ਤੇ ਉੱਤਰ ਆਈ ਹੈ। ਇਸੇ ਤਹਿਤ ਪਹਿਲਾਂ ਸੰਸਦ ਮੈਂਬਰ ਹਰਭਜਨ ਸਿੰਘ ਨੂੰ ਦੇਸ਼ ਧਰੋਹੀ ਐਲਾਨ ਕੇ ਉਸ ਦੇ ਘਰ ’ਤੇ ਪੁਲੀਸ ਦੀ ਮਦਦ ਨਾਲ ਪਥਰਾਅ ਕੀਤਾ ਗਿਆ ਅਤੇ ਫਿਰ ਪਦਮਸ੍ਰੀ ਰਾਜਿੰਦਰ ਗੁਪਤਾ ਦੀ ਫੈਕਟਰੀ ’ਤੇ ਛਾਪੇ ਮਾਰੇ ਗਏ।
ਇਸੇ ਤਰ੍ਹਾਂ ਸੰਦੀਪ ਪਾਠਕ ਖ਼ਿਲਾਫ਼ ਦੋ ਫ਼ਰਜ਼ੀ ਕੇਸ ਦਰਜ ਕੀਤੇ ਗਏ ਅਤੇ ਹੁਣ ਅਗਲਾ ਨਿਸ਼ਾਨਾ ਉਨ੍ਹਾਂ (ਚੱਢਾ) ਨੂੰ ਬਣਾਉਣ ਦੀ ਤਿਆਰੀ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾਂ ਕਿਹਾ ਕਿ ਜੋ ਲੋਕ ਰਾਜਘਾਟ ਜਾਂਦੇ ਹਨ, ਉਹੀ ਲੋਕ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਬਦਲਾਖ਼ੋਰੀ ਕਰ ਰਹੇ ਹਨ। ਪੰਜਾਬ ਦੇ ਅਫ਼ਸਰ ਡਰਾਏ ਜਾ ਰਹੇ ਹਨ।ਇਸ ਮੌਕੇ ਸੰਦੀਪ ਪਾਠਕ ਨੇ ਕਿਹਾ ਕਿ ਉਹ ਇਨ੍ਹਾਂ ਝੂਠੇ ਕੇਸਾਂ ਖ਼ਿਲਾਫ਼ ਕਾਨੂੰਨੀ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਉਹ ਦੇਸ਼ ਹਿੱਤ ਲਈ ਸਿਰ ’ਤੇ ਖੱਫਣ ਬੰਨ੍ਹ ਕੇ ਨਿਕਲੇ ਹਨ ਅਤੇ ਅਜਿਹੇ ਹੱਥਕੰਡਿਆਂ ਤੋਂ ਡਰਨ ਵਾਲੇ ਨਹੀਂ।

