ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਰੇਲਵੇ ਦੀ ਨੁਹਾਰ ਬਦਲ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੰਬੇ ਸਮੇਂ ਤੋਂ ਸਰਕਾਰੀ ਫਾਈਲਾਂ ਅਤੇ ਦਫ਼ਤਰੀ ਗੁੰਝਲਾਂ ਵਿੱਚ ਫਸੇ ਪ੍ਰਾਜੈਕਟਾਂ ਨੂੰ ਸੁਰਜੀਤ ਕੀਤਾ ਗਿਆ ਅਤੇ ਬਜਟ ਜਾਰੀ ਕਰ ਕੇ ਕਈ ਅਹਿਮ ਰੇਲ ਪ੍ਰਾਜੈਕਟ ਪੰਜਾਬ ਵਿੱਚ ਸ਼ੁਰੂ ਕੀਤੇ ਗਏ ਹਨ।
ਕੇਂਦਰ ਸਰਕਾਰ ਨੇ ਸਿੱਖ ਸੰਗਤ ਦੀ ਮੰਗ ਮੰਨਦਿਆਂ ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਨੂੰ ਰੇਲ ਮਾਰਗ ਨਾਲ ਜੋੜਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦਹਾਕਿਆਂ ਤੋਂ ਲਟਕ ਰਹੀ ਰਾਜਪੁਰਾ-ਮੁਹਾਲੀ, ਕਾਦੀਆਂ-ਬਿਆਸ ਅਤੇ ਫ਼ਿਰੋਜ਼ਪੁਰ-ਪੱਟੀ ਲਾਈਨਾਂ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਜਪੁਰਾ-ਮੁਹਾਲੀ ਰੇਲ ਲਾਈਨ ਲਈ 443 ਕਰੋੜ, ਕਾਦੀਆਂ-ਬਿਆਸ ਲਈ 842 ਕਰੋੜ ਅਤੇ ਫ਼ਿਰੋਜ਼ਪੁਰ-ਪੱਟੀ ਲਈ 300 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਪੰਜਾਬ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਰਿਹਾ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ 462 ਕਰੋੜ ਦੀ ਲਾਗਤ ਨਾਲ ਆਧੁਨਿਕ ‘ਟਰਾਂਸਪੋਰਟ ਹੱਬ’ ਵਜੋਂ ਵਿਕਸਤ ਕੀਤਾ ਜਾ ਰਿਹਾ। ਇਸ ਵੇਲੇ ਪੰਜਾਬ ਵਿੱਚ 6 ਵੰਦੇ ਭਾਰਤ ਰੇਲਾਂ ਅਤੇ 1 ਅੰਮ੍ਰਿਤ ਭਾਰਤ ਐਕਸਪ੍ਰੈੱਸ ਚਲਾਈਆਂ ਜਾ ਰਹੀਆਂ ਹਨ।

