ਅਤਿਵਾਦੀਆਂ ਖਿਲਾਫ਼ ਫੌ਼ਜੀ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗਾ ਭਾਰਤ: ਕਟਾਰੀਆ
ਫਗਵਾੜਾ : ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਅਪਰੇਸ਼ਨ ਸਿੰਧੂਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਪਹਿਲਗਾਮ ਦੀ ਕਾਇਰਾਨਾ ਹਰਕਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ, ਉਹ ਦੇਸ਼ ਦੇ ਇਤਿਹਾਸ ’ਚ ਲਾਸਾਨੀ ਹੈ।
ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ‘ਅਪਰੇਸ਼ਨ ਸਿੰਧੂਰ ਵਿਜੈ ਯਾਤਰਾ’ ਦਾ ਆਗਾਜ਼ ਕਰਦਿਆਂ ਰਾਜਪਾਲ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਅਤਿਵਾਦੀ ਟਿਕਾਣਿਆਂ ’ਤੇ ਕੀਤੀ ਗਈ ਕਾਰਵਾਈ ਨੇ ਵਿਸ਼ਵ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਦੇਸ਼ ਦੇ ਕਿਸੇ ਨਾਗਰਿਕ ਨੂੰ ਜੇ ਅਤਿਵਾਦ ਦਾ ਨਿਸ਼ਾਨਾ ਬਣਾਇਆ ਜਾਵੇਗਾ ਤਾਂ ਭਾਰਤ ਸਖ਼ਤ ਤੋਂ ਸਖ਼ਤ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।
ਉਨ੍ਹਾਂ ਕਿਹਾ,‘ਸਾਡੇ ਜਵਾਨ ਜਿਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਡਟੇ ਹੋਏ ਹਨ ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਇਸ ਬੁਰਾਈ ਖਿਲਾਫ਼ ਵਿੱਢੀ ਲੜਾਈ ਵਿੱਚ ਯੋਗਦਾਨ ਪਾਈਏ।ਉਨ੍ਹਾਂ ਕਿਹਾ ਕਿ ਹਰ ਪੰਜਾਬੀ ਨਸ਼ਿਆਂ ਖਿਲਾਫ਼ ਜੰਗ ਦਾ ਸਿਪਾਹੀ ਬਣੇ ਤਾਂ ਜੋ ਇਸ ਬੁਰਾਈ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।