ਆਪਣਾ ਪੰਜਾਬ ਮੀਡੀਆ : ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੰਸਦ ਮੈਂਬਰਾਂ ਦਾ ਸਮੂਹ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਅਗਵਾਈ ’ਚ 5 ਮਈ ਨੂੰ ਰਾਸ਼ਟਰਪਤੀ ਦਰਪਦੀ ਮੁਰਮੂ ਨੂੰ ਮਿਲੇਗਾ। ਰਾਸ਼ਟਰਪਤੀ ਭਵਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਾਂ ਹੀ ਤੈਅ ਮੁਲਾਕਾਤ ਤੋਂ ਪਹਿਲਾਂ ਰਾਘਵ ਚੱਢਾ ਸਮੇਤ ਚਾਰ ਸੰਸਦ ਮੈਂਬਰਾਂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਇਹ ਸੰਸਦ ਮੈਂਬਰ 5 ਮਈ ਨੂੰ ਸਵੇਰੇ 10.40 ਵਜੇ ਮਿਲਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਲਾਕਾਤ ਲਈ ਉਸੇ ਦਿਨੇ ਦੁਪਹਿਰ 12 ਵਜੇ ਦਾ ਸਮਾਂ ਮੁਕੱਰਰ ਹੈ।
ਰਾਘਵ ਚੱਢਾ ਨਾਲ ਮੁਲਾਕਾਤ ਲਈ ਸੰਦੀਪ ਪਾਠਕ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ ਜਾਣ ਦਾ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਰਾਘਵ ਚੱਢਾ ਰਾਸ਼ਟਰਪਤੀ ਨੂੰ ਪੰਜਾਬ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਕਥਿਤ ਵਰਤੋਂ ਸਿਆਸੀ ਬਦਲਾਖ਼ੋਰੀ ਲਈ ਕਰਨ ਅਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕੀਤੇ ਜਾਣ ਬਾਰੇ ਜਾਣੂ ਕਰਾਉਣਗੇ। ਸੰਸਦ ਮੈਂਬਰ ਰਾਸ਼ਟਰਪਤੀ ਦੇ ਦਖ਼ਲ ਦੀ ਮੰਗ ਕਰਨਗੇ।

