ਆਪਣਾ ਪੰਜਾਬ ਮੀਡੀਆ : ਪੰਜਾਬ ਕੈਬਨਿਟ ਨੇ ਅੱਜ ਵਿਦੇਸ਼ੀ ਤਰਜ਼ ’ਤੇ ਪੰਜਾਬ ’ਚ ਡਿਜੀਟਲ ਓਪਨ ਯੂਨੀਵਰਸਿਟੀ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਨੀਤੀ ਤਹਿਤ ਬਣਨ ਵਾਲੀ ਇਸ ਨਵੀਂ ਯੂਨੀਵਰਸਿਟੀ ਵਿਚੋਂ ਵਿਦਿਆਰਥੀ ਘਰ ਬੈਠ ਕੇ ਹੀ ਵਿੱਦਿਆ ਹਾਸਲ ਕਰ ਸਕਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ’ਚ ਅੱਜ ਲਹਿਰਾਗਾਗਾ ’ਚ ਨਵਾਂ ਮੈਡੀਕਲ ਬਣਾਏ ਜਾਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।
ਲਹਿਰਾਗਾਗਾ ਦੇ ਮੌਜੂਦਾ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਹੁਣ ਮੈਡੀਕਲ ਕਾਲਜ ’ਚ ਤਬਦੀਲ ਕੀਤਾ ਜਾਵੇਗਾ। ਮੁੱਢਲੇ ਪੜਾਅ ’ਤੇ ਇਸ ਨਵੇਂ ਮੈਡੀਕਲ ਕਾਲਜ ’ਚ 100 ਸੀਟਾਂ ਹੋਣਗੀਆਂ ਅਤੇ 220 ਬੈੱਡ ਦਾ ਹਸਪਤਾਲ ਬਣਾਇਆ ਜਾਵੇਗਾ। ਪੁਰਾਣੇ ਕਾਲਜ ਦੇ ਸਮੁੱਚੇ ਸਟਾਫ਼ ਨੂੰ ਹੋਰਨਾਂ ਥਾਵਾਂ ’ਤੇ ਐਡਜਸਟ ਕੀਤਾ ਜਾਵੇਗਾ ਜਿਨ੍ਹਾਂ ਨੂੰ 36 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਸੀ। ਨਵੇਂ ਮੈਡੀਕਲ ਕਾਲਜ ਨਾਲ ਖਨੌਰੀ ਅਤੇ ਮੂਨਕ ਦੇ ਹਸਪਤਾਲ ਨੂੰ ਜੋੜਿਆ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੈਬਨਿਟ ਦੇ ਫ਼ੈਸਲਿਆਂ ਦੇ ਵੇਰਵੇ ਸਾਂਝੇ ਕੀਤੇ। ਕੈਬਨਿਟ ਨੇ ਗਮਾਡਾ ਦੇ ਉਨ੍ਹਾਂ ਪਲਾਟਾਂ ਦੀ ਰਾਖਵੀਂ ਕੀਮਤ ’ਚ 22.50 ਫ਼ੀਸਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੇ ਉੱਚੀਆਂ ਕੀਮਤਾਂ ਕਰਕੇ ਕਦੇ ਕੋਈ ਬੋਲੀਕਾਰ ਅੱਗੇ ਨਹੀਂ ਆਇਆ। ਤਿੰਨ ਮੈਂਬਰੀ ਕਮੇਟੀ ਦੀ ਸਿਫ਼ਾਰਸ਼ ’ਤੇ ਹੁਣ ਗਮਾਡਾ ਦੇ ਅਜਿਹੇ ਪਲਾਟਾਂ ਨੂੰ ਮੁੜ ਬੋਲੀ ’ਤੇ ਲਾਇਆ ਜਾਵੇਗਾ।
ਕੈਬਨਿਟ ਨੇ ਸਤਲੁਜ ਦਰਿਆ ਵਿਚੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੌਮੀ ਸੜਕ ਅਥਾਰਿਟੀ ਸਤਲੁਜ ਦਰਿਆ ਵਿਚੋਂ ਤਿੰਨ ਰੁਪਏ ਪ੍ਰਤੀ ਕਿਉਬਿਕ ਫੁੱਟ ਦੇ ਹਿਸਾਬ ਨਾਲ ਮਿੱਟੀ ਕੱਢੇਗੀ। ਕੈਬਨਿਟ ਮੀਟਿੰਗ ’ਚ ਉਨ੍ਹਾਂ ਸਾਈਟਾਂ ਤੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਸਾਈਟਾਂ ’ਤੇ ਡੀਸਿਲਟਿੰਗ ਲਈ ਕਿਸੇ ਠੇਕੇਦਾਰ ਵੱਲੋਂ ਕੋਈ ਰੁਚੀ ਨਹੀਂ ਦਿਖਾਈ ਗਈ।

