ਨਾਂਦੇੜ ਵਿਖੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ‘ਹਿੰਦ ਦੀ ਚਾਦਰ’ ਸਮਾਗਮ ਦਾ ਕੀਤਾ ਗਿਆ ਆਯੋਜਿਤ

News Online
2 Min Read

ਆਪਣਾ ਪੰਜਾਬ ਮੀਡੀਆ : ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ‘ਹਿੰਦ ਦੀ ਚਾਦਰ’ ਸਮਾਗਮ ਅੱਜ ਇੱਥੇ ਸ਼ੁਰੂ ਹੋ ਗਿਆ ਹੈ। ਸਮਾਗਮ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਤੋਂ ਨਗਰ ਕੀਰਤਨ ਸਜਾ ਕੇ ਕੀਤੀ ਗਈ। ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੁਰਬਾਨੀ ਦਾ ਜਜ਼ਬਾ ਪੰਜਾਬੀਆਂ ਦੇ ਡੀ ਐੱਨ ਏ ਵਿੱਚ ਹੈ ਅਤੇ ਉਹ ਦੇਸ਼ ਖਾਤਰ ਜਾਨ ਵਾਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਕਾਰਗਿਲ ਹੋਵੇ, ਭਾਵੇਂ ਜੈਸਲਮੇਰ ਹੋਵੇ ਜਾਂ ਗੰਗਾਨਗਰ, ਦੁਸ਼ਮਣ ਦੀ ਗੋਲੀ ਦਾ ਸਾਹਮਣਾ ਸਭ ਤੋਂ ਪਹਿਲਾਂ ਪੰਜਾਬੀ ਹਿੱਕ ਡਾਹ ਕੇ ਕਰਦੇ ਹਨ। ਤੁਰਕੀ ਦੇ ਭੂਚਾਲ ਤੋਂ ਲੈ ਕੇ ਸ੍ਰੀਲੰਕਾ ਦੇ ਹੜ੍ਹਾਂ ਤੱਕ, ਪੰਜਾਬੀ ਹਰ ਥਾਂ ਮਦਦ ਲਈ ਅੱਗੇ ਰਹਿੰਦੇ ਹਨ ਅਤੇ ਰੈੱਡ ਕਰਾਸ ਤੋਂ ਪਹਿਲਾਂ ਗੁਰੂ ਦਾ ਲੰਗਰ ਪਹੁੰਚਾਉਂਦੇ ਹਨ।

ਉਨ੍ਹਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਬਾਰੇ ਜਾਣੂ ਕਰਵਾਉਣ ਦੀ ਲੋੜ ਹੈ। ਉਨ੍ਹਾਂ ਨਾਂਦੇੜ ਸਥਿਤ ਪੰਜਾਬ ਭਵਨ ਦੀ ਮੁਰੰਮਤ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਅਤੇ ਨਾਂਦੇੜ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਵੀ ਕੀਤੀ। ਮੋਦੀ ਗਰਾਊਂਡ ਵਿੱਚ ਹੋ ਰਹੇ ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਕਰੀਬ 10 ਲੱਖ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਬੰਧਕਾਂ ਨੇ ਸੰਗਤ ਦੀ ਸਹੂਲਤ ਲਈ 52 ਏਕੜ ਜਗ੍ਹਾ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਜਦੋਂ ਨਗਰ ਕੀਰਤਨ ਸਮਾਗਮ ਵਾਲੀ ਥਾਂ ਪਹੁੰਚਿਆ ਤਾਂ ਪੁਲੀਸ ਦੀ ਟੁਕੜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ‘ਗਾਰਡ ਆਫ ਆਨਰ’ ਦਿੱਤਾ।

Share This Article
Leave a Comment

Leave a Reply