ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ ਆਪ ਸਰਕਾਰ ਵੱਲੋਂ ਚਾਰ ਸਾਲਾਂ ਵਿੱਚ ਸਿਹਤ ਕ੍ਰਾਂਤੀ ਲਈ ਕੀਤੇ ਕੰਮਾਂ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ ਸੂਬੇ ਦੇ 25 ਲੱਖ ਲੋਕਾਂ ਨੇ ਰਜਿਸਟਰੇਸ਼ਨ ਕਰਵਾ ਲਈ ਹੈ ਜਦੋਂ ਕਿ ਇਕ ਲੱਖ 60 ਹਜਾਰ ਲੋਕਾਂ ਨੇ ਇਸ ਯੋਜਨਾ ਦਾ ਲਾਭ ਵੀ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਲਈ 2000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜੋ ਕਿ ਕੇਂਦਰ ਦੀ ਆਯੂਸ਼ਮਾਨ ਯੋਜਨਾ ਨਾਲੋਂ ਕਿਤੇ ਵੱਧ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ 140 ਕਰੋੜ ਲੋਕਾਂ ਲਈ ਆਯੁਸ਼ਮਾਨ ਯੋਜਨਾ ਤਹਿਤ 9300 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਜਦੋਂ ਕਿ ਪੰਜਾਬ ਨੇ ਤਿੰਨ ਕਰੋੜ ਲੋਕਾਂ ਲਈ 2000 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 84 ਆਮ ਆਦਮੀ ਕਲੀਨਿਕ ਖੋਲ ਦਿੱਤੇ ਹਨ ਜਦੋਂ ਕਿ 100 ਆਮ ਆਦਮੀ ਕਲੀਨਿਕ ਹੋਰ ਜਲਦ ਸ਼ੁਰੂ ਕੀਤੇ ਜਾਣਗੇ । ਇਸ ਤੋਂ ਬਾਅਦ 400 ਹੋਰ ਕਲੀਨਿਕ ਖੋਲੇ ਜਾਣਗੇ। ਇਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ ਪੰਜ ਕਰੋੜ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਚਾਰ ਸਾਲਾਂ ਦੌਰਾਨ 948 ਜਨਰਲ ਡਾਕਟਰ ਅਤੇ 627 ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 250 ਬੈਡਾਂ ਦੀ ਸਮਰੱਥਾ ਵਾਲੇ ਸੱਤ ਜੱਚਾ ਬੱਚਾ ਕਲੀਨਿਕ ਖੋਲੇ ਗਏ ਹਨ ਅਤੇ ਮੁਹਾਲੀ ਵਿਖੇ ਪੰਜਾਬ ਦਾ ਪਹਿਲਾ ਲੀਵਰ ਟਰਾਂਸਪਲਾਂਟ ਹਸਪਤਾਲ ਵੀ ਖੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਾਰੀ ਦਵਾਈ ਦਾ ਖਰਚਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

