ਅੰਦਰੂਨੀ ਕਲੇਸ਼ ’ਚ ਉਲਝੇ ਵਿਰੋਧੀਆਂ ਕੋਲ ਕੋਈ ਏਜੰਡਾ ਨਹੀਂ: ਸੀ ਐਮ ਭਗਵੰਤ ਮਾਨ ਮੁੱਖ ਮੰਤਰੀ ਨੇ ਬਿਕਰਾੳੂਰ ਵਿੱਚ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ; 50 ਪਿੰਡਾਂ ਨੂੰ ਮਿਲੇਗਾ ਲਾਭ

News Online
2 Min Read

ਆਪਣਾ ਪੰਜਾਬ ਮੀਡੀਆ : ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲਗਦੇ ਪਿੰਡ ਬਿਕਰਾਊਰ ਵਿੱਚ ਅੱਜ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਦਾਣਾ ਮੰਡੀ ਅਜਨਾਲਾ ਵਿੱਚ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦਾ ਨਾਮ ਬਾਬਾ ਗਮਚੁੱਕ ਜੀ ਮਹਾਰਾਜ ਦੇ ਨਾਮ ’ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵਿੱਚ ਅੰਦਰੂਨੀ ਖਹਿਬਾਜ਼ੀ ਸਿਖਰ ’ਤੇ ਹੈ ਕਿਉਂਕਿ ਇਨ੍ਹਾਂ ਕੋਲ ਲੋਕਾਂ ਦੀ ਭਲਾਈ ਲਈ ਕੋਈ ਠੋਸ ਏਜੰਡਾ ਨਹੀਂ ਹੈ, ਪਰ ਉਹ ਸਿਰਫ਼ ਲੋਕਾਂ ਅਤੇ ਸੂਬੇ ਦੇ ਸਰੋਤਾਂ ਨੂੰ ਲੁੱਟਣ ਦੀ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ।

ਇਨ੍ਹਾਂ ਦੇ ਸੁਪਨੇ ਕਦੇ ਵੀ ਪੂਰੇ ਨਹੀਂ ਹੋਣਗੇ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੇਂ ਆਮ ਆਦਮੀ ਕਲੀਨਿਕ, ਸਕੂਲ ਅਤੇ ਕਾਲਜ ਖੋਲ੍ਹਣ ਦੇ ਨਾਲ-ਨਾਲ ਹੋਰ ਲੋਕ ਭਲਾਈ ਪਹਿਲਕਦਮੀਆਂ ਨੂੰ ਲਾਗੂ ਕਰਕੇ ਵਿਕਾਸ ਨੂੰ ਤੇਜ਼ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ। ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਲਈ ਜ਼ਮੀਨ ਦਾਨ ਕਰਨ ’ਤੇ ਬਿਕਰਾਊਰ ਦੀ ਗ੍ਰਾਮ ਪੰਚਾਇਤ ਅਤੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਕਾਲਜ ਦੇ ਨੇੜਲੇ 50 ਪਿੰਡਾਂ ਦੇ ਨੌਜਵਾਨਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਆਉਣ ਵਾਲੇ ਸਾਲਾਂ ਵਿੱਚ ਦੋ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਸਮਰੱਥਾ ਵਾਲੀ ਇਸ ਸੰਸਥਾ ਵਿੱਚ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਵਿਗਿਆਨ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਅਤੇ ਡਿਜੀਟਲ ਸਿੱਖਿਆ ਦੇ ਕੋਰਸ ਕਰਵਾਏ ਜਾਣਗੇ, ਜਿਸ ਨਾਲ ਸਰਹੱਦੀ ਪੱਟੀ ਦੇ ਵਿਦਿਆਰਥੀਆਂ ਲਈ ਆਧੁਨਿਕ ਅਤੇ ਮਿਆਰੀ ਸਿੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਕਾਲਜ ਲਈ ਜ਼ਮੀਨ ਦਾਨ ਕਰਨ ਵਾਲੇ ਪਿੰਡ ਦੇ ਬੱਚਿਆਂ ਨੂੰ ਇਸ ਸੰਸਥਾ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।

Share This Article
Leave a Comment

Leave a Reply