ਆਪਣਾ ਪੰਜਾਬ ਮੀਡੀਆ : ਦਲ ਬਦਲੀ ਦੀ ਲੜਾਈ ਰਾਸ਼ਟਰਪਤੀ ਭਵਨ ਪਹੁੰਚ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ’ ਵਿਧਾਇਕਾਂ ਨਾਲ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲੇ। ਉਨ੍ਹਾਂ ਬਾਗ਼ੀ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ, ਜਿਸ ’ਤੇ ਪੰਜਾਬ ਦੇ ‘ਆਪ’ ਵਿਧਾਇਕਾਂ ਦੇ ਦਸਤਖ਼ਤ ਸਨ। ਮੁੱਖ ਮੰਤਰੀ ਮੁਤਾਬਕ ਰਾਸ਼ਟਰਪਤੀ ਮੁਰਮੂ ਨੇ ਇਸ ਬਾਰੇ ਸੰਵਿਧਾਨਿਕ ਮਾਹਿਰਾਂ ਨਾਲ ਮਸ਼ਵਰਾ ਕਰਨ ਦਾ ਭਰੋਸਾ ਦਿੱਤਾ ਹੈ; ਹਾਲਾਂਕਿ ਇਸ ਤਜਵੀਜ਼ਤ ਮਿਲਣੀ ਤੋਂ ਐਨ ਪਹਿਲਾਂ ਚਾਰ ਨਵੇਂ ਭਾਜਪਾ ਸੰਸਦ ਮੈਂਬਰਾਂ ਨੇ ਰਾਘਵ ਚੱਢਾ ਦੀ ਅਗਵਾਈ ਹੇਠ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸਨਮੁੱਖ ਪੰਜਾਬ ਦੀ ‘ਆਪ’ ਸਰਕਾਰ ਦੀ ਬਦਲਾਖ਼ੋਰੀ ਦਾ ਮੁੱਦਾ ਰੱਖਿਆ।
ਮੁੱਖ ਮੰਤਰੀ ਮਾਨ ਨੇ ਚਾਰ ਸੂਬਿਆਂ ਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਰਾਸ਼ਟਰਪਤੀ ਤੋਂ ਮਿਲਣ ਲਈ ਸਮਾਂ ਲੈ ਲਿਆ ਸੀ ਪਰ ਪੱਛਮੀ ਬੰਗਾਲ, ਅਸਾਮ ਤੇ ਪੁੱਡੂਚੇਰੀ ’ਚ ਭਾਜਪਾ ਦੀ ਜਿੱਤ ਮਗਰੋਂ ‘ਆਪ’ ਤੇ ਭਗਵਾਂ ਪਾਰਟੀ ਵਿਚਾਲੇ ਟਕਰਾਅ ਦਾ ਨਵਾਂ ਮੁੱਢ ਬੱਝ ਗਿਆ ਹੈ। ਬੰਗਾਲ ਦੀ ਜਿੱਤ ਤੋਂ ਬਾਗ਼ੋ-ਬਾਗ਼ ਭਾਜਪਾਈ ਅਗਲਾ ਨਿਸ਼ਾਨਾ ਪੰਜਾਬ ਨੂੰ ਦੱਸ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਮੰਗ ਪੱਤਰ ਵਿੱਚ ਰੱਖੇ ਪੱਖਾਂ ਬਾਰੇ ਖੁ਼ਦ ਜਾਣਕਾਰੀ ਦਿੱਤੀ। ਉਨ੍ਹਾਂ ਸੱਤ ਸੰਸਦ ਮੈਂਬਰਾਂ ਦੀ ਦਲ ਬਦਲੀ ਨੂੰ ਗ਼ੈਰ-ਸੰਵਿਧਾਨਿਕ ਦੱਸਦਿਆਂ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਕਿਉਂਕਿ ਇਸ ਸਬੰਧੀ ਜਾਂ ਤਾਂ ਪੂਰੀ ਪਾਰਟੀ ਨੂੰ ਮਤਾ ਪਾਸ ਕਰਨਾ ਚਾਹੀਦਾ ਸੀ ਪਰ ਸਿਰਫ਼ ਰਾਜ ਸਭਾ ਦੇ ਸੱਤ ਸੰਸਦ ਮੈਂਬਰਾਂ ਨੇ ਹੀ ਵਫ਼ਾਦਾਰੀ ਬਦਲੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਪੰਜਾਬ ’ਚ ਦੋ ਵਿਧਾਇਕ ਹਨ ਪਰ ਰਾਜ ਸਭਾ ਮੈਂਬਰ ਛੇ ਹਨ ਜੋ ਲੋਕ ਰਾਜ ਨਾਲ ਮਜ਼ਾਕ ਹੈ। ਮੁੱਖ ਮੰਤਰੀ ਨੇ ਰਾਘਵ ਚੱਢਾ ਦੇ ਅਗਾਊਂ ਬਿਆਨਾਂ ਦੇ ਹਵਾਲੇ ਨਾਲ ਕਿਹਾ ਕਿ ਸੰਵਿਧਾਨ ’ਚ ਸੋਧ ਕਰ ਕੇ ਸੰਸਦ ਮੈਂਬਰਾਂ ਨੂੰ ਵਾਪਸ ਬੁਲਾਉਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਨੇ ਇਸ ਬਾਰੇ ਸੰਵਿਧਾਨਿਕ ਮਾਹਿਰਾਂ ਨਾਲ ਮਸ਼ਵਰਾ ਕਰਨ ਦਾ ਭਰੋਸਾ ਦਿੱਤਾ ਹੈ।

