Punjab ’ਚ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ

News Online
2 Min Read

ਆਪਣਾ ਪੰਜਾਬ ਮੀਡੀਆ : ਪੰਜਾਬ ’ਚ ਬੇਮੌਸਮੇ ਮੀਂਹ ਤੇ ਗੜੇਮਾਰੀ ਨਾਲ ਨੁਕਸਾਨੀ ਫ਼ਸਲ 80 ਫ਼ੀਸਦੀ ਬਦਰੰਗ (ਲਸਟਰ ਲੌਸ) ਹੋ ਗਈ ਹੈ ਜਦੋਂ ਕਿ 20 ਫ਼ੀਸਦੀ ਫ਼ਸਲ ਦੇ ਦਾਣੇ ਸੁੰਗੜੇ ਹਨ। ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 22 ਜ਼ਿਲ੍ਹਿਆਂ ’ਚੋਂ ਕਣਕ ਦੇ ਲਏ ਨਮੂਨਿਆਂ ਦੀ ਜਾਂਚ ’ਚ ਇਹ ਤੱਥ ਉੱਭਰੇ ਹਨ। ਪੰਜਾਬ ’ਚ ਕਣਕ ਦੀ ਫ਼ਸਲ ਦਾ ਖ਼ਰਾਬਾ ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ ਨਾਲੋਂ ਵੱਧ ਹੈ। ਭਾਰਤੀ ਖ਼ੁਰਾਕ ਨਿਗਮ ਨੇ ਲੰਘੀ ਰਾਤ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਪੰਜਾਬ ’ਚ ਹੋਏ ਫ਼ਸਲੀ ਨੁਕਸਾਨ ਦੇ ਜਾਂਚੇ ਨਮੂਨਿਆਂ ਦੀ ਰਿਪੋਰਟ ਭੇਜੀ ਹੈ ਅਤੇ ਅੱਜ ਕੇਂਦਰ ਤਰਫ਼ੋਂ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੀ ਸੰਭਾਵਨਾ ਸੀ। ਪੰਜਾਬ ਦੀਆਂ ਮੰਡੀਆਂ ’ਚ ਹੁਣ ਤੱਕ 10.55 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ’ਚੋਂ 5.96 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ।


ਪੰਜਾਬ ਦੇ ਖੇਤੀ ਵਿਭਾਗ ਦੇ ਅਨੁਮਾਨ ਮੁਤਾਬਕ ਸੂਬੇ ’ਚ ਮੀਂਹ ਨਾਲ ਕਰੀਬ 1.30 ਲੱਖ ਏਕੜ ਫ਼ਸਲ ਦਾ ਨੁਕਸਾਨ ਹੋਇਆ ਹੈ। ਕੇਂਦਰੀ ਟੀਮਾਂ ਨੇ 22 ਜ਼ਿਲ੍ਹਿਆਂ ’ਚੋਂ ਨੁਕਸਾਨੀ ਫ਼ਸਲ ਦੇ 291 ਨਮੂਨੇ ਲਏ ਸਨ ਜਿਨ੍ਹਾਂ ਦੀ ਜਾਂਚ ਦਾ ਕੰਮ ਭਾਰਤੀ ਖ਼ੁਰਾਕ ਨਿਗਮ ਦੀ ਚੰਡੀਗੜ੍ਹ ਲੈਬ ’ਚ ਲੰਘੀ ਰਾਤ ਤੱਕ ਚੱਲਿਆ। ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਭੇਜੀ ਰਿਪੋਰਟ ਮੁਤਾਬਕ ਪੰਜਾਬ ’ਚ ਮੀਂਹ ਕਾਰਨ 80 ਫ਼ੀਸਦੀ ਤੱਕ ਫ਼ਸਲ ਬਦਰੰਗ ਹੋਈ ਹੈ ਜਦੋਂ ਕਿ ਸੁੰਗੜੇ ਤੇ ਟੁੱਟੇ ਦਾਣਿਆਂ ਦਾ ਨੁਕਸਾਨ 20 ਫ਼ੀਸਦੀ ਤੱਕ ਹੈ। ਇਵੇਂ ਹੀ ਨੁਕਸਾਨੇ ਦਾਣਿਆਂ ਦੀ ਮਿਕਦਾਰ 6 ਫ਼ੀਸਦੀ ਤੱਕ ਹੈ। ਨਮੂਨਿਆਂ ਤੋਂ ਸਾਹਮਣੇ ਆਇਆ ਹੈ ਕਿ ਹਰਿਆਣਾ ਤੇ ਰਾਜਸਥਾਨ ’ਚ ਪੰਜਾਬ ਨਾਲੋਂ ਘੱਟ ਨੁਕਸਾਨ ਹੋਇਆ ਹੈ।

ਪੰਜਾਬ ਦੇ ਖ਼ਰੀਦ ਕੇਂਦਰਾਂ ’ਚ ਫ਼ਸਲ ਦੇ ਅੰਬਾਰ ਲੱਗਣ ਲੱਗੇ ਹਨ। ਕਿਸਾਨਾਂ ਨੂੰ ਝਾਕ ਹੈ ਕਿ ਕੇਂਦਰ ਫ਼ਸਲ ਦੇ ਖ਼ਰੀਦ ਪੈਮਾਨਿਆਂ ’ਚ ਛੋਟ ਦੇਵੇਗੀ। ਬਠਿੰਡਾ ਦੇ ਪਿੰਡ ਚਾਉਕੇ ’ਚ ਮੰਡੀ ਫ਼ਸਲ ਨਾਲ ਭਰਨ ਲੱਗੀ ਹੈ। ਕਿਸਾਨ ਭੁਪਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਜਿਹੜੀ ਫ਼ਸਲ ਖ਼ਰੀਦ ਮਾਪਦੰਡਾਂ ਦੇ ਦਾਇਰੇ ’ਚ ਵੀ ਆਉਂਦੀ ਹੈ, ਉਸ ਦੀ ਵੀ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ। ਦੂਸੇ ਪਾਸੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਵੀ ਕੇਂਦਰੀ ਫ਼ੈਸਲੇ ਦੀ ਉਡੀਕ ’ਚ ਫ਼ਸਲੀ ਖ਼ਰੀਦ ਤੋਂ ਹੱਥ ਘੁੱਟ ਰਹੇ ਹਨ।

Share This Article
Leave a Comment

Leave a Reply