varindavan ਹਾਦਸਾ ਪੀੜਤਾਂ ਨੂੰ 50-50 ਲੱਖ ਰੁਪਏ ਦਿੱਤੇ ਜਾਣ: ਸ਼ਾਹੀ ਇਮਾਮ

News Online
2 Min Read

ਆਪਣਾ ਪੰਜਾਬ ਮੀਡੀਆ : ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅੱਜ ਵਰਿੰਦਾਵਨ ਕਿਸ਼ਤੀ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਉਨ੍ਹਾਂ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ 50-50 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਇੱਥੇ ਗੀਤਾ ਕਲੋਨੀ ’ਚ ਰਹਿੰਦੇ ਬਹਿਲ ਪਰਿਵਾਰ ਨਾਲ ਦੁੱਖ ਸਾਂਝਾ ਵੰਡਾਉਣ ਮਗਰੋਂ ਸ਼ਾਹੀ ਇਮਾਮ ਨੇ ਕਿਹਾ ਕਿ ਹਾਦਸਾ ਪ੍ਰਬੰਧਾਂ ਦੀ ਘਾਟ ਕਰ ਕੇ ਵਾਪਰਿਆ, ਜਿਸ ਲਈ ਉੱਤਰ ਪ੍ਰਦੇਸ਼ ਸਰਕਾਰ ਅਤੇ ਉਥੋਂ ਦਾ ਪ੍ਰਸ਼ਾਸਨ ਬਰਾਬਰ ਜ਼ਿੰਮੇਵਾਰ ਹਨ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਲਾਈਫ ਸੇਫਟੀ ਜੈਕਟਾਂ ਤੋਂ ਬਿਨਾਂ ਕਿਵੇਂ ਸ਼ਰਧਾਲੂਆਂ ਨੂੰ ਕਿਸ਼ਤੀ ਵਿੱਚ ਬਿਠਾ ਕੇ ਪਾਣੀ ਵਿੱਚ ਲਿਜਾਇਆ ਜਾਂਦਾ ਹੈ।

ਲਾਈਫ ਸੇਫਟੀ ਜੈਕਟ ਲਾਜ਼ਮੀ ਕਰਨ ’ਤੇ ਜ਼ੋਰ ਦਿੰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਲਾਈਫ ਜੈਕਟ ਤੋਂ ਬਿਨਾਂ ਕਿਸੇ ਨੂੰ ਵੀ ਕਿਸ਼ਤੀ ਵਿੱਚ ਚੜ੍ਹਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਜੇਕਰ ਵਰਿੰਦਾਵਨ ਵਿੱਚ ਉਸ ਦਿਨ ਵੀ ਇਹ ਜੈਕਟਾਂ ਮੁਹੱਈਆ ਕਰਵਾਈਆਂ ਹੁੰਦੀਆਂ ਤਾਂ ਵੱਡੇ ਹਾਦਸੇ ਤੋਂ ਬਚਾਅ ਹੋ ਸਕਦਾ ਸੀ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹਾਦਸਾ ਰਿਹਾ ਤੇ ਸਦਾ ਲਈ ਵਿਛੋੜਾ ਦੇ ਗਏ ਲੋਕਾਂ ਨੇ ਮੁੜਨਾ ਨਹੀਂ, ਪਰ ਭਵਿੱਖ ਵਿੱਚ ਜਾਣ ਵਾਲੇ ਸ਼ਰਧਾਲੂਆਂ ਲਈ ਤਾਂ ਸੁਰੱਖਿਆ ਦੇ ਇਹ ਲੋੜੀਂਦੇ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਇਸ ਪਾਸੇ ਕੇਂਦਰ ਸਰਕਾਰ ਤੇ ਯੂ ਪੀ ਸਰਕਾਰ ਨੂੰ ਫੌਰੀ ਧਿਆਨ ਦੇਣ ਦੀ ਮੰਗ ਕੀਤੀ।

ਉਨ੍ਹਾਂ ਪੀੜਤ ਪਰਿਵਾਰਾਂ ਲਈ 50-50 ਲੱਖ ਰੁਪਏ ਮੁਆਵਜ਼ਾ ਦੇਣ ’ਤੇ ਜ਼ੋਰ ਦਿੰਦਿਆਂ ਅਫ਼ਸੋਸ ਜ਼ਾਹਿਰ ਕੀਤਾ ਕਿ ਕੇਂਦਰ ਸਰਕਾਰ ਸਿਰਫ਼ ਦੋ-ਦੋ ਲੱਖ ਰੁਪਏ ਦਾ ਐਲਾਨ ਕਰ ਕੇ ਚੁੱਪ ਗਈ ਹੈ ਜਦਕਿ ਸੂਬਾ ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਪਾਸਾ ਹੀ ਵੱਟ ਲਿਆ ਹੈ।

Share This Article
Leave a Comment

Leave a Reply