ਆਪਣਾ ਪੰਜਾਬ ਮੀਡੀਆ : ਨਾਭਾ ਜੇਲ੍ਹ ਵਿਚੋਂ ਬਿਕਰਮ ਮਜੀਠੀਆ ਨੂੰ ਜ਼ਮਾਨਤ ’ਤੇ ਰਿਹਾਈ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਮੌਕੇ ਨਾਭਾ ਪਹੁੰਚੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਦੀਆਂ ਸ਼ਰਤਾਂ ਲਗਵਾਉਣ ਬਾਬਤ ਅਰਜ਼ੀ ਦਿੱਤੀ। ਉਨ੍ਹਾਂ ਮੁਤਾਬਕ ਸਰਕਾਰ ਨੇ ਮੰਗ ਕੀਤੀ ਕਿ ਮਜੀਠੀਆ ਨੂੰ ਪੰਜਾਬ ਤੋਂ ਬਾਹਰ ਰਹਿਣ ਦੀ ਹਦਾਇਤ ਕੀਤੀ ਜਾਵੇ ਤੇ ਸਿਰਫ ਪੇਸ਼ੀ ਵਾਲੇ ਦਿਨ ਹੀ ਉਹ ਪੰਜਾਬ ਆਉਣ। ਕਲੇਰ ਨੇ ਦੱਸਿਆ ਕਿ ਅਦਾਲਤ ਨੇ ਇਹ ਮੰਗ ਨਾਮਨਜ਼ੂਰ ਕਰ ਦਿੱਤੀ।
ਇਸ ਮੌਕੇ ਬਿਕਰਮ ਮਜੀਠੀਆ ਦੇ ਸਵਾਗਤ ਲਈ ਵੱਡੀ ਗਿਣਤੀ ਅਕਾਲੀ ਵਰਕਰ ਪਹੁੰਚ ਰਹੇ ਹਨ ਤੇ ਪੁਲੀਸ ਨੂੰ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਹੱਥਾਂ ਪੈਰਾਂ ਦੀ ਪਈ ਹੋਈ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇੰਟੈਲੀਜੈਂਸ ਵੱਲੋਂ ਪੰਜਾਬ ਸਰਕਾਰ ਨੂੰ ਦੱਸਿਆ ਗਿਆ ਸੀ ਕਿ ਮਜੀਠੀਆ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਤੋਂ ਖਤਰਾ ਹੈ। ਪੁਲੀਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਕਿ ਭੀੜ ਨੂੰ ਜੇਲ੍ਹ ਤੋਂ ਦੂਰ ਰੱਖਿਆ ਜਾ ਸਕੇ।ਇਸ ਮੌਕੇ ਬਿਕਰਮ ਮਜੀਠੀਆ ਦੀ ਪਤਨੀ ਵਿਧਾਇਕ ਗਨੀਵ ਕੌਰ ਮਜੀਠੀਆ ਵੀ ਜੇਲ੍ਹ ਦੇ ਬਾਹਰ ਪਹੁੰਚ ਗਏ ਹਨ।

