ਧਾਮੀ ਮੀਰੀ-ਪੀਰੀ ਕਾਲਜ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੌਂਪਣ: ਦਾਦੂਵਾਲ

News Online
2 Min Read

ਆਪਣਾ ਪੰਜਾਬ ਮੀਡੀਆ : ਹਰਿਆਣਾ ਕਮੇਟੀ ਦੇ ਵਫ਼ਦ ਨੇ ਅੱਜ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਵਾਦ ਮਾਮਲੇ ’ਚ ਅੱਜ ਕੁਰੂਕਸ਼ੇਤਰ ਦੇ ਐੱਸ ਪੀ ਚੰਦਰ ਮੋਹਨ ਨਾਲ ਮੁਲਾਕਾਤ ਕੀਤੀ। ਵਫ਼ਦ ਦੇ ਆਗੂਆਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਵਿੱਚ ਅੱਜ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਸ਼੍ੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸੱਤ ਅਪਰੈਲ ਨੂੰ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਪੁੱਜ ਰਹੇ ਹਨ। ਕਿੰਨਾ ਚੰਗਾ ਹੋਵੇ ਜੇ ਉਹ ਖ਼ੁਦ ਗ਼ੈਰ-ਕਾਨੂੰਨੀ ਕਬਜ਼ਾ ਛੱਡ ਕੇ ਪ੍ਰਬੰਧ ਦੀਆਂ ਚਾਬੀਆਂ ਹਰਿਆਣਾ ਕਮੇਟੀ ਨੂੰ ਸੌਂਪ ਦੇਣ। ਅਜਿਹਾ ਕਰਨ ’ਤੇ ਸ੍ਰੀ ਧਾਮੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਚਹੇਤਿਆਂ ਦਾ ਟਰਸੱਟ ਬਣਾ ਕੇ ਗੁਰਦੁਆਰੇ ਦੀ ਜ਼ਮੀਨ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ।

ਇਸ ਨੂੰ ਜਲਦੀ ਹੀ ਕਾਨੂੰਨੀ ਤਰੀਕੇ ਨਾਲ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 20 ਮਾਰਚ ਨੂੰ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਉੱਤੇ ਬਾਦਲ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਅਤੇ ਮੈਂਬਰ ਬਲਦੇਵ ਸਿੰਘ ਕਿਆਮਪੁਰ ਦੇ ਇਸ਼ਾਰੇ ’ਤੇ ਹਮਲਾ ਕੀਤਾ ਗਿਆ। ਥਾਣਾ ਸ਼ਾਹਬਾਦ ਦੀ ਪੁਲੀਸ ਨੇ 20 ਮੁਲਜ਼ਮਾਂ ਖ਼ਿਲਾਫ਼ 28 ਮਾਰਚ ਨੂੰ ਕੇਸ ਦਰਜ ਕੀਤਾ ਹੈ। ਵਫ਼ਦ ਨੇ ਐੱਸ ਪੀ ਚੰਦਰ ਮੋਹਨ ਤੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ।

ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਕਮੇਟੀ ਦੇ ਬਾਕੀ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦਲ ਛੱਡ ਕੇ ਹਰਿਆਣਾ ਦੇ ਹੱਕ ਵਿੱਚ ਖੜ੍ਹਨ।ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਰਾਮਸਰ ਕਾਲਕਾ, ਜੂਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਤਲਾਕੌਰ, ਜਗਤਾਰ ਸਿੰਘ ਮਾਨ, ਤੇਜਿੰਦਰਪਾਲ ਸਿੰਘ ਨਾਰਨੌਲ, ਦੀਦਾਰ ਸਿੰਘ ਨਲਵੀ, ਕਰਤਾਰ ਕੌਰ ਸ਼ਾਹਬਾਦ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ, ਐਡਵੋਕੇਟ ਗੁਰਤੇਜ ਸਿੰਘ ਅੰਬਾਲਾ ਆਦਿ ਹਾਜ਼ਰ ਸਨ।

Share This Article
Leave a Comment

Leave a Reply