ਆਪਣਾ ਪੰਜਾਬ ਮੀਡੀਆ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ 99.38 ਫ਼ੀਸਦੀ ਅੰਕਾਂ ਨਾਲ ਹਰਲੀਨ ਦਾ ਨਾਂ ਸੂਚੀ ’ਚ ਸਭ ਤੋਂ ਸਿਖ਼ਰ ’ਤੇ ਸ਼ੁਮਾਰ ਹੈ। ਉਸ ਨੇ 650 ਵਿੱਚੋਂ 646 ਅੰਕ ਹਾਸਲ ਕੀਤੇ ਹਨ। ਹਰਲੀਨ ਸ਼ਰਮਾ ਨੇ ਆਪਣੀ ਮਿਹਨਤ ਨਾਲ ਧੀਆਂ ਦੇ ਮਾਣ ’ਚ ਵਾਧਾ ਕੀਤਾ ਹੈ।
ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ’ਚ ਪੜ੍ਹਦੀ ਹਰਲੀਨ ਸ਼ਰਮਾ ਪਿੰਡ ਚੈਨਾ ਵਿੱਚ ਰਹਿੰਦੀ ਹੈ। ਮਿਹਨਤਕਸ਼ ਪਰਿਵਾਰ ’ਚ ਜਨਮੀ ਹਰਲੀਨ ਦੇ ਪਿਤਾ ਜਸਵਿੰਦਰ ਕੁਮਾਰ ਸ਼ਰਮਾ ਕਿਸਾਨ ਅਤੇ ਉਸ ਦੀ ਮਾਤਾ ਰੇਣੂ ਬਾਲਾ ਘਰੇਲੂ ਔਰਤ ਹਨ। ਹਰਲੀਨ ਦਾ ਛੋਟਾ ਭਰਾ ਰਹਿਮਤ ਸ਼ਰਮਾ ਛੇਵੀਂ ਜਮਾਤ ’ਚ ਪੜ੍ਹਦਾ ਹੈ।ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਖ਼ੁਦ ਦਸਵੀਂ ਅਤੇ ਉਨ੍ਹਾਂ ਦੀ ਪਤਨੀ ਅੱਠਵੀਂ ਜਮਾਤ ਤੱਕ ਪੜ੍ਹੇ ਹਨ। ਉਨ੍ਹਾਂ ਦੀ ਧੀ ਸੁਵਖ਼ਤੇ ਚਾਰ ਵਜੇ ਉੱਠ ਕੇ ਸਕੂਲ ਜਾਣ ਤੱਕ ਪੜ੍ਹਦੀ ਸੀ। ਰਾਤ ਨੂੰ ਵੀ ਉਹ ਕਰੀਬ ਗਿਆਰਾਂ ਵਜੇ ਤਕ ਪੜ੍ਹਾਈ ਕਰਦੀ ਸੀ।

