ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਔਰਤਾਂ ਦੀ ਸਮਰੱਥਾ ਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਅੰਦਰ ਮੌਜੂਦ ਸਾਰੀਆਂ ਸੰਭਾਵਨਾਵਾਂ ਨੂੰ ਪਛਾਣਨਾ ਚਾਹੀਦਾ ਹੈ ਤੇ ਨਾਲ ਹੀ ਕਿਹਾ ਕਿ ‘‘ਉਹ ਕਿਸੇ ਤੋਂ ਘੱਟ ਨਹੀਂ ਹਨ’’। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਇੱਥੇ ਕਰਵਾਏ ਗਏ ਸਮਾਗਮ ’ਚ ਰਾਸ਼ਟਰਪਤੀ ਨੇ ਕਿਹਾ ਕਿ ਇਹ ਮੌਕਾ ਸਿਰਫ਼ ਮਹਿਲਾਵਾਂ ਦੀਆਂ ਉਪਲਬਧੀਆਂ ਦਾ ਸਤਿਕਾਰ ਕਰਨ ਲਈ ਨਹੀਂ ਹੈ ਬਲਕਿ ਉਨ੍ਹਾਂ ਦੇ ਸ਼ਕਤੀਕਰਨ ਪ੍ਰਤੀ ਦੇਸ਼ ਦੀ ਵਚਨਬੱਧਤਾ ਦੀ ਮੁੜ ਤਸਦੀਕ ਵੀ ਕਰਦਾ ਹੈ।
ਮੁਰਮੂ ਨੇ ਇਸ ਮੌਕੇ ਸਿੱਖਿਆ, ਪ੍ਰਸ਼ਾਸਨ, ਨਿਆਂਪਾਲਿਕਾ, ਹਥਿਆਰਬੰਦ ਬਲਾਂ, ਮੈਡੀਸਨ, ਵਿਗਿਆਨ, ਤਕਨੀਕ, ਕਲਾ, ਉੱਦਮਾਂ ਤੇ ਖੇਡਾਂ ਵਿਚ ਔਰਤਾਂ ਦੀਆਂ ਮਹੱਤਵਪੂਰਨ ਭੂਮਿਕਾਵਾਂ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ ਕਿ ਪੇਂਡੂ ਔਰਤਾਂ ਸਵੈ-ਸਹਾਇਤਾ ਗਰੁੱਪਾਂ ਰਾਹੀਂ ਆਰਥਿਕ ਤੌਰ ’ਤੇ ਆਤਮ-ਨਿਰਭਰ ਹੋ ਰਹੀਆਂ ਹਨ ਤੇ ਨਾਲ ਹੀ ਪੇਂਡੂ ਵਿਕਾਸ ਵਿਚ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਇਸ ਦੇ ਨਾਲ ਹੀ ਉਹ ਰੁਜ਼ਗਾਰ ਦੇਣ, ਸਟਾਰਟ-ਅੱਪਸ ਤੇ ਕਾਰਪੋਰੇਟ ਸੈਕਟਰ ਵਿਚ ਵੀ ਅਗਵਾਈ ਕਰ ਰਹੀਆਂ ਹਨ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮੌਕੇ ਤੇ ਮਦਦ ਦੇ ਨਾਲ, ਔਰਤਾਂ ਲਗਭਗ ਹਰ ਖੇਤਰ ਵਿਚ ਅੱਗੇ ਵਧ ਸਕਦੀਆਂ ਹਨ’’। ਉਨ੍ਹਾਂ ਕਿਹਾ ਕਿ ਭਾਵੇਂ ਕਈ ਪ੍ਰਾਪਤੀਆਂ ਕੀਤੀਆਂ ਗਈਆਂ ਹਨ ਪਰ ਅਜੇ ਵੀ ਸਮਾਜ ਵਿਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਯਕੀਨੀ ਬਣਾਉਣ ’ਚ ਕਈ ਅੜਿੱਕੇ ਹਨ। ਇਨ੍ਹਾਂ ਅੜਿੱਕਿਆਂ ਨੂੰ ਸਿਰਫ਼ ਕਾਨੂੰਨੀ ਉਪਾਅ ਦੂਰ ਨਹੀਂ ਕਰ ਸਕਦੇ। ਸਾਡੀ ਮਾਨਸਿਕਤਾ ਬਦਲਣੀ ਵੀ ਉਂਨੀ ਹੀ ਜ਼ਰੂਰੀ ਹੈ।

